
3 ਦਿਨਾਂ ’ਚ 58 ਲੋਕਾਂ ਦੀ ਮੌਤ, 1250 ਤੋਂ ਵੱਧ ਹਸਪਤਾਲ ’ਚ ਦਾਖ਼ਲ
ਖਾਰਤੂਮ : ਸੁਡਾਨ ਇਸ ਸਮੇਂ ਹੈਜ਼ੇ ਦੀ ਲਪੇਟ ਵਿਚ ਹੈ। ਇਕ ਤੋਂ ਬਾਅਦ ਇਕ ਇਲਾਕੇ ਦੇ ਲੋਕ ਹੈਜ਼ੇ ਦੀ ਲਪੇਟ ਵਿਚ ਆ ਰਹੇ ਹਨ, ਜਿਸ ਕਾਰਨ ਹੁਣ ਤਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸੈਂਕੜੇ ਲੋਕ ਹਸਪਤਾਲ ’ਚ ਦਾਖ਼ਲ ਹਨ। ਸੁਡਾਨ ਵਿਚ ਸਮੇਂ-ਸਮੇਂ ’ਤੇ ਹੈਜ਼ੇ ਦਾ ਕਹਿਰ ਵਾਪਰਦਾ ਰਿਹਾ ਹੈ, ਖ਼ਾਸ ਤੌਰ ’ਤੇ ਉਨ੍ਹਾਂ ਖੇਤਰਾਂ ਵਿਚ ਜਿਥੇ ਸਾਫ਼ ਪਾਣੀ ਦੀ ਘਾਟ, ਕਠੋਰ ਜਲਵਾਯੂ ਅਤੇ ਮਾੜੀਆਂ ਸੈਨੇਟਰੀ ਸਥਿਤੀਆਂ ਹਨ।
ਬਹੁਤ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਸੁਡਾਨ ਵਿਚ ਸਿਹਤ ਸੇਵਾਵਾਂ ਅਤੇ ਪਾਣੀ ਦੀ ਸਵੱਛਤਾ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀਆਂ ਹਨ ਪਰ ਹੈਜ਼ੇ ਦੇ ਕਹਿਰ ਦੌਰਾਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਹਨ। ਸੁਡਾਨ ਦੇ ਕੋਸਤੀ ਸ਼ਹਿਰ ਵਿਚ ਹੈਜ਼ੇ ਦੇ ਫੈਲਣ ਨਾਲ ਪਿਛਲੇ ਤਿੰਨ ਦਿਨਾਂ ਵਿਚ 58 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਲਗਭਗ 1,300 ਲੋਕ ਬਿਮਾਰ ਹੋ ਗਏ ਹਨ। ਸਿਹਤ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਸਿਹਤ ਮੰਤਰਾਲੇ ਨੇ ਦਸਿਆ ਕਿ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਸੁਡਾਨ ਦੇ ਦਖਣੀ ਸ਼ਹਿਰ ਕੋਸਤੀ ਵਿਚ ਹੈਜ਼ਾ ਫੈਲਿਆ ਹੈ। ਉਨ੍ਹਾਂ ਦਸਿਆ ਕਿ ਸ਼ਹਿਰ ਦਾ ਵਾਟਰ ਪਲਾਂਟ ਸੁਡਾਨ ਦੇ ਬਦਨਾਮ ਨੀਮ ਫ਼ੌਜੀ ਸਮੂਹ ਦੁਆਰਾ ਕੀਤੇ ਗਏ ਹਮਲੇ ਕਾਰਨ ਬੰਦ ਕਰ ਦਿਤਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਹੋਈ ਸੀ।
ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਵੀਰਵਾਰ ਅਤੇ ਸਨਿਚਰਵਾਰ ਦਰਮਿਆਨ ਹੈਜ਼ੇ ਕਾਰਨ 58 ਲੋਕਾਂ ਦੀ ਮੌਤ ਹੋ ਗਈ ਅਤੇ 1,293 ਲੋਕ ਬਿਮਾਰ ਹੋ ਗਏ।