
ਬੱਸ ਸੜਕ ਤੋਂ ਫਿਸਲ ਕੇ ਇਕ ਦਰੱਖ਼ਤ ਨਾਲ ਟਕਰਾ ਗਈ ਜਿਸ ਵਿਚ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ
ਪੂਰਬੀ ਉਤਰੀ ਥਾਈਲੈਂਡ ਵਿਚ ਇਕ ਬੱਸ ਸੜਕ ਤੋਂ ਫਿਸਲ ਕੇ ਇਕ ਦਰੱਖ਼ਤ ਨਾਲ ਟਕਰਾ ਗਈ ਜਿਸ ਵਿਚ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ ਜਦੋਂ ਕਿ ਦਰਜਨਾਂ ਵਿਅਕਤੀ ਹੋਰ ਜ਼ਖ਼ਮੀ ਹੋ ਗਏ ਹਨ।ਅਧਿਕਾਰੀਆਂ ਨੇ ਦਸਿਆ ਕਿ ਹਾਦਸਾ ਕਲ ਸ਼ਾਮ ਨੂੰ ਥਾਈਲੈਂਡ ਦੇ ਨਖੋਨ ਰਤਚਾਸੀਮਾ ਸੂਬੇ ਵਿਚ ਹੋਇਆ। ਇਸ ਡਬਲ ਡੇਕਰ ਬੱਸ ਰਾਹੀਂ ਕਰੀਬ 50 ਯਾਤਰੀ ਛੁੱਟੀਆਂ ਤੋਂ ਬਾਅਦ ਘਰ ਪਰਤ ਰਹੇ ਸਨ। ਸੂਬੇ ਦੀ ਐਮਰਜੈਂਸੀ ਮੈਡੀਕਲ ਸੇਵਾ ਵਿਭਾਗ ਦੇ ਇਕ ਅਧਿਕਾਰੀ ਸੁਤੇਪ ਰੁਨਤਾਵਿਲ ਨੇ ਦਸਿਆ ਕਿ 18 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ 12 ਔਰਤਾਂ, 6 ਪੁਰਸ਼ ਅਤੇ 1 ਬੱਚਾ ਸ਼ਾਮਲ ਹੈ।
Bus Accident in thailand
ਸੁਤੇਪ ਨੇ ਦਸਿਆ ਕਿ ਹੇਠਾਂ ਵਲ ਉਤਰ ਰਹੀ ਬੱਸ 'ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਜਿਸ ਕਾਰਨ ਬੱਸ ਫਿਸਲਦੀ ਹੋਈ ਇਕ ਦਰੱਖ਼ਤ ਨਾਲ ਟਕਰਾ ਗਈ। ਉਨ੍ਹਾਂ ਕਿਹਾ ਕਿ ਬੱਸ 2 ਹਿੱਸਿਆਂ ਵਿਚ ਵੰਡੀ ਗਈ ਸੀ। ਇਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਬੱਸ ਦੀ ਬਰੇਕ ਫ਼ੇਲ੍ਹ ਹੋ ਗਈ ਸੀ। (ਪੀ.ਟੀ.ਆਈ)