
ਦਿੱਲੀ ਗੁਰਦਵਾਰਾ ਕਮੇਟੀ ਵਲੋਂ ਹਰਿਆਣਾ ਸਰਕਾਰ ਨੂੰ ਸਿੱਖਾਂ ਦੇ ਜਾਨ-ਮਾਲ ਦੀ ਰਾਖੀ ਯਕੀਨੀ ਬਣਾਉੇਣ ਦੀ ਮੰਗ
ਕੈਥਲ : ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਬਦਸੂਈ ਵਿਖੇ ਇਕ ਗੁਰਦਵਾਰੇ ਤੇ ਮੰਦਰ ਵਿਚਕਾਰ ਦੀਵਾਰ ਉਸਾਰਨ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਸਿੱਖ ਦੀ ਮੌਤ ਹੋ ਗਈ ਅਤੇ 15 ਜਣੇ ਫੱਟੜ ਹੋਏ ਹਨ। ਪੁਲਿਸ ਨੇ ਸਾਬਕਾ ਸਰਪੰਚ ਸਮੇਤ 35 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਹਮਲੇ ਦਾ ਪਤਾ ਲੱਗਣ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਹਰਿਆਣਾ ਦੇ ਡੀ.ਜੀ.ਪੀ. ਨਾਲ ਫ਼ੋਨ 'ਤੇ ਗੱਲਬਾਤ ਕਰ ਕੇ, ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
Dispute between gurdwara and temple land-1
ਹਸਪਤਾਲ 'ਚ ਇਲਾਜ ਕਰਵਾ ਰਹੇ ਇੱਕ ਧਿਰ ਦੇ ਸੰਦੀਪ ਸਿੰਘ, ਮਨਪ੍ਰੀਤ ਸਿੰਘ ਅਤੇ ਚਰਣ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ 1 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਤੇ ਮੰਦਰ ਬਣਾਉਣ ਲਈ ਦਿੱਤੀ ਸੀ, ਜਿਸ 'ਚੋਂ 110 ਫੁਟ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਅਤੇ 90 ਫੁਟ ਜ਼ਮੀਨ ਮੰਦਰ ਦੇ ਹਿੱਸੇ ਆਈ ਸੀ। ਗੁਰਦੁਆਰਾ ਤੇ ਮੰਦਰ ਵਿਚਕਾਰ 20 ਫੁਟ ਥਾਂ ਬਚੀ ਸੀ। ਇਸੇ 20 ਫੁਟ ਜ਼ਮੀਨ ਨੂੰ ਲੈ ਕੇ ਕਈ ਵਾਰ ਵਿਵਾਦ ਹੋ ਚੁੱਕਾ ਹੈ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਬੀਤੇ ਵੀਰਵਾਰ ਕੁਝ ਲੋਕਾਂ ਨੇ ਇਹ ਜ਼ਮੀਨ 'ਤੇ ਨੀਂਹਾਂ ਪੁੱਟ ਦਿੱਤੀ ਅਤੇ ਕੰਧ ਬਣਾਉਣ ਲਈ ਡੀਪੀਸੀ ਪਾ ਦਿੱਤੀ।
Dispute between gurdwara and temple land-2
ਇਸ ਦਾ ਪਤਾ ਜਦੋਂ ਦੂਜੀ ਧਿਰ ਨੂੰ ਲੱਗਾ ਤਾਂ ਲੋਕ ਗੁਰਦੁਆਰਾ ਸਾਹਿਬ 'ਚ ਇਕੱਤਰ ਹੋ ਗਏ। ਉੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਨੇ ਉਨ੍ਹਾਂ 'ਤੇ ਡਾਂਗਾ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ। ਇਹ ਦੌਰਾਨ 65 ਸਾਲਾ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ। ਅੱਜ ਸ਼ਾਮ ਸਿਰਸਾ ਨੇ 'ਸਪੋਕਸਮੈਨ' ਨੂੰ ਦਸਿਆ, "ਮੇਰੀ ਡੀਜੀਪੀ ਹਰਿਆਣਾ ਮਨੋਜ ਯਾਦਵ ਨਾਲ ਗੱਲਬਾਤ ਹੋਈ ਹੈ ਅਤੇ ਪਤਾ ਲੱਗਾ ਹੈ ਕਿ ਮੁਖ ਦੋਸ਼ੀ ਓਮ ਪ੍ਰਕਾਸ਼ ਸਣੇ ਹੋਰਨਾਂ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮਸਲਾ ਇਕੋ ਜ਼ਮੀਨ ਤੇ ਵੱਖਰੇ ਵੱਖਰੇ ਬਣੇ ਹੋਏ ਮੰਦਰ ਤੇ ਗੁਰਦਵਾਰੇ ਦੀ ਥਾਂ ਦਾ ਹੈ, ਜਿਥੇ ਪਹਿਲਾਂ ਵਿਚਕਾਰ ਕੰਧ ਨਹੀਂ ਸੀ ਬਣੀ ਹੋਈ। ਪਰ ਜਦੋਂ ਸਿੱਖਾਂ ਨੇ ਇਸ ਗੱਲ 'ਤੇ ਇਤਰਾਜ਼ ਪ੍ਰਗਟਾਇਆ ਕਿ ਮੰਦਰ ਵਾਲੇ ਵੱਧ ਥਾਂ ਘੇਰ ਕੇ ਦੀਵਾਰ ਉਸਾਰ ਰਹੇ ਹਨ ਤਾਂ ਦੂਜੀ ਧਿਰ ਨੇ ਹਮਲਾ ਬੋਲ ਦਿਤਾ, ਜੋ ਮੰਦਭਾਗਾ ਹੈ।"
Dispute between gurdwara and temple land
ਸਿਰਸਾ ਨੇ ਕਿਹਾ ਕਿ ਉਹ ਹਾਲਾਤ 'ਤੇ ਪੂਰੀ ਨਜ਼ਰ ਰੱਖ ਰਹੇ ਹਨ ਅਤੇ ਛੇਤੀ ਦਿੱਲੀ ਗੁਰਦਵਾਰਾ ਕਮੇਟੀ ਵਲੋਂ ਇਕ ਟੀਮ ਪਿੰਡ ਬਦਸੂਈ ਕੈਥਲ ਵਿਖੇ ਭੇਜ ਕੇ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇਗਾ ਤੇ ਪੀੜ੍ਹਤਾਂ ਦੀ ਪੂਰੀ ਕਾਨੂੰਨੀ ਪੈਰਵਾਈ ਕੀਤੀ ਜਾਵੇਗੀ।