
‘ਲਿਬਰਲ ਪਾਰਟੀ’ ਨੇ ਐਲਾਨ ਕੀਤਾ
ਟੋਰਾਂਟੋ : ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹਿਲੀ ਵਾਰ ਓਟਾਵਾ-ਖੇਤਰ ਦੇ ਕਿਸੇ ਜ਼ਿਲ੍ਹੇ ਤੋਂ ਸੰਸਦ ਮੈਂਬਰ ਬਣਨ ਲਈ ਚੋਣ ਲੜਨਗੇ। ‘ਲਿਬਰਲ ਪਾਰਟੀ’ ਨੇ ਇਹ ਐਲਾਨ ਕੀਤਾ। ਕਾਰਨੀ ਵਲੋਂ ਐਤਵਾਰ ਨੂੰ ਦੇਸ਼ ਵਿਚ ਮੱਧਕਾਲੀ ਆਮ ਚੋਣਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ ਜਿਸ ਲਈ ਵੋਟਿੰਗ 28 ਅਪ੍ਰੈਲ ਨੂੰ ਹੋਣ ਦੀ ਸੰਭਾਵਨਾ ਹੈ। ਇਹ ਚੋਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਭੂਸੱਤਾ ਲਈ ਖ਼ਤਰੇ ਅਤੇ ਵਪਾਰ ਯੁੱਧ ਦੇ ਡਰ ਦੇ ਪਿਛੋਕੜ ਵਿਚ ਹੋਵੇਗੀ।
ਲਿਬਰਲ ਪਾਰਟੀ ਨੇ ਕਿਹਾ ਕਿ ਕਾਰਨੀ ਓਟਾਵਾ ਦੇ ਇਕ ਉਪਨਗਰ, ਨੇਪੀਅਨ ਦੀ ਨੁਮਾਇੰਦਗੀ ਲਈ ਚੋਣ ਲੜਨਗੇ। ਪਾਰਟੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਕਿਹਾ ਕਿ ਓਟਾਵਾ ਉਹ ਥਾਂ ਹੈ ਜਿੱਥੇ ਕਾਰਨੀ ਨੇ ਅਪਣੇ ਪਰਵਾਰ ਦੀ ਪਰਵਰਿਸ਼ ਕੀਤੀ ਅਤੇ ਅਪਣਾ ਕਰੀਅਰ ਜਨਤਕ ਸੇਵਾ ਲਈ ਸਮਰਪਤ ਕੀਤਾ। ਉਹ ਕੈਨੇਡਾ ਦੇ ਕੇਂਦਰੀ ਬੈਂਕ ਦੇ ਮੁਖੀ ਵਜੋਂ ਸੇਵਾ ਨਿਭਾ ਚੁੱਕੇ ਹਨ। ਹਾਊਸ ਆਫ਼ ਕਾਮਨਜ਼ ਦੀਆਂ 343 ਸੀਟਾਂ ਜਾਂ ਜ਼ਿਲ੍ਹਿਆਂ ਲਈ ਚੋਣ ਪ੍ਰਚਾਰ 37 ਦਿਨਾਂ ਤਕ ਚੱਲੇਗਾ।
ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਨੇ 14 ਮਾਰਚ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਕਾਰਨੀ (59) ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਈ। ਟਰੂਡੋ ਨੇ ਜਨਵਰੀ ਵਿਚ ਅਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਇਸ ਸਾਲ ਸੱਤਾਧਾਰੀ ਲਿਬਰਲ ਪਾਰਟੀ ਦੇ ਚੋਣਾਂ ਹਾਰਨ ਦੀ ਉਮੀਦ ਦੇ ਨਾਲ ਟਰੰਪ ਨੇ ਟੈਰਿਫ਼ ਦੇ ਰੂਪ ਵਿਚ ਆਰਥਿਕ ਯੁੱਧ ਦਾ ਐਲਾਨ ਕੀਤਾ ਹੈ ਅਤੇ ਪੂਰੇ ਦੇਸ਼ ਨੂੰ ਸੰਯੁਕਤ ਰਾਜ ਦੇ 51ਵੇਂ ਰਾਜ ਵਜੋਂ ਅਪਣੇ ਨਾਲ ਜੋੜਨ ਦੀ ਧਮਕੀ ਦਿਤੀ ਹੈ।
ਹੁਣ ਇਨ੍ਹਾਂ ਬਦਲੇ ਹੋਏ ਸਮੀਕਰਨਾਂ ਕਾਰਨ ਦਾਅਵੇ ਕੀਤੇ ਜਾ ਰਹੇ ਹਨ ਕਿ ਲਿਬਰਲ ਪਾਰਟੀ ਚੋਣਾਂ ਵਿਚ ਲੀਡ ਹਾਸਲ ਕਰੇਗੀ। ਟਰੰਪ ਨੇ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ’ਤੇ 25 ਪ੍ਰਤੀਸ਼ਤ ਡਿਊਟੀ ਲਗਾ ਦਿਤੀ ਹੈ ਅਤੇ 2 ਅਪ੍ਰੈਲ ਤੋਂ ਸਾਰੇ ਕੈਨੇਡੀਅਨ ਉਤਪਾਦਾਂ ’ਤੇ ਭਾਰੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ।