
ਟੋਕੀਓ ਓਲੰਪਿਕ ਕਮੇਟੀ ਦਾ ਇਕ ਕਰਮਚਾਰੀ ਕੋਰੋਨਾ ਨਾਲ ਪ੍ਰਭਾਵਤ
ਟੋਕੀਓ, 22 ਅਪ੍ਰੈਲ : ਟੋਕੀਓ ਓਲੰਪਿਕ 2020 ਦੀ ਆਯੋਜਨ ਕਮੇਟੀ ਦਾ ਇਕ ਪੁਰਸ਼ ਕਰਮਚਾਰੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ। ਬੁਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਗਈ। ਇਕ ਸਮਚਾਰ ਏਜੰਸੀ ਮੁਤਾਬਕ ਆਯੋਜਨ ਕਮੇਟੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਵਿਅਕਤੀ 21 ਅਪ੍ਰੈਲ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ। ਇਹ ਟੋਕੀਓ 2020 ਦੇ ਮੁੱਖ ਦਫ਼ਤਰ, ਚਊਕੋ ਕੂ ਵਿਚ ਕੰਮ ਕਰ ਰਿਹਾ ਸੀ। ਬਿਆਨ ਮੁਤਾਬਕ ਪੀੜਤ ਵਿਅਕਤੀ ਇਸ ਸਮੇਂ ਸਿਹਤਮੰਦ ਹੋ ਰਿਹਾ ਹੈ।
ਟੋਕੀਓ 2020 ਉਨ੍ਹਾਂ ਜਗ੍ਹਾਵਾਂ ਨੂੰ ਡਿਸਇਨਫੈਕਟ ਕਰ ਰਿਹਾ ਹੈ ਜਿੱਥੇ ਇਹ ਪੀੜਤ ਕਰਮਚਾਰੀ ਸੀ ਅਤੇ ਨਾਲ ਹੀ ਪ੍ਰਭਾਵਤ ਕਰਮਚਾਰੀਆਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਸਟਾਫ਼ ਨੂੰ ਘਰ ਵਿਚ ਰਹਿਣ ਲਈ ਕਹਿ ਰਿਹਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵਲੋਂ ਟੋਕੀਓ ਵਿਚ ਐਮਰਜੈਂਸੀ ਲਗਾਏ ਜਾਣ ਕਾਰਨ ਆਯੋਜਨ ਕਮੇਟੀ ਨੇ ਅਪਣੇ ਸਾਰੇ ਸਟਾਫ਼ ਨੂੰ ਘਰਾਂ ਤੋਂ ਕੰਮ ਕਰਨ ਲਈ ਕਹਿ ਦਿਤਾ ਹੈ। 7 ਅਪ੍ਰੈਲ ਨੂੰ ਆਯਜੋਕਾਂ ਨੇ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ਜਿਸ ਕੰਮ ਦੇ ਲਈ ਸਟਾਫ਼ ਦੀ ਜ਼ਰੂਰਤ ਹੈ ਉਸ ਦੇ ਘੱਟ ਪੱਧਰ 'ਤੇ ਸਟਾਫ਼ ਰਖਿਆ ਗਿਆ ਹੈ ਅਤੇ ਉਹ ਵੀ ਇਨਫੈਕਸ਼ਨ ਨੂੰ ਰੋਕਣ ਦੇ ਪੂਰੇ ਇੰਤਜ਼ਾਮਾਂ ਦੇ ਨਾਲ।