
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਦੇਸ਼ ਦਿਤਾ ਕਿ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿਤਾ ਜਾਵੇ।
ਵਾਸ਼ਿੰਗਟਨ, 22 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਦੇਸ਼ ਦਿਤਾ ਕਿ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿਤਾ ਜਾਵੇ। ਟਰੰਪ ਨੇ ਇਹ ਆਦੇਸ਼ ਉਹਨਾਂ ਅਮਰੀਕੀ ਨਾਗਰਿਕਾਂ ਦੇ ਸਨਮਾਨ ਵਿਚ ਦਿਤਾ ਹੈ ਜਿਹਨਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਦੇ ਹੋਏ ਅਪਣੀ ਜਾਨ ਗਵਾ ਦਿਤੀ ਹੈ। ਅਮਰੀਕਾ ਵਿਚ ਹੁਣ ਤਕ 96,354 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਪੀੜਤਾਂ ਦੀ ਗਿਣਤੀ 1,620,902 ਹੋ ਗਈ ਹੈ।ਟਰੰਪ ਦੇ ਆਦੇਸ਼ ਦੇ ਬਾਅਦ ਅਗਲੇ 3 ਦਿਨਾਂ ਤਕ ਰਾਸ਼ਟਰੀ ਝੰਡਾ ਅੱਧਾ ਝੁੱਕਿਆ ਰਹੇਗਾ। ਅਮਰੀਕਾ ਵਿਚ ਮ੍ਰਿਤਕਾਂ ਦਾ ਅੰਕੜਾ 1 ਲੱਖ ਦੇ ਕਰੀਬ ਪਹੁੰਚਣ ਵਾਲਾ ਹੈ। ਡੈਮਕ੍ਰੈਟਿਕ ਪਾਰਟੀ ਦੇ ਕੁਝ ਮੈਂਬਰਾਂ ਵਲੋਂ ਟਰੰਪ ਨੂੰ ਅਪੀਲ ਕੀਤੀ ਗਈ ਸੀ ਕਿ ਇਹਨਾਂ ਮੁਸ਼ਕਲ ਅਤੇ ਦੁੱਖਦਾਈ ਹਾਲਤਾਂ ਵਿਚ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦੇਣਾ ਚਾਹੀਦਾ ਹੈ। ਟਰੰਪ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿਤੀ। ਅਪਣੇ ਟਵੀਟ ਵਿਚ ਟਰੰਪ ਨੇ ਲਿਖਿਆ,‘‘ਮੈਂ ਸਾਰੀਆਂ ਸਰਕਾਰੀ ਇਮਾਰਤਾਂ ਅਤੇ ਰਾਸ਼ਟਰੀ ਸਮਾਰਕਾਂ ’ਤੇ ਕੋਰੋਨਾ ਵਾਇਰਸ ਨਾਲ ਮਾਰੇ ਗਏ ਅਮਰੀਕੀ ਲੋਕਾਂ ਦੇ ਸਨਮਾਨ ਵਿਚ ਅਗਲੇ 3 ਦਿਨ ਤਕ ਝੰਡੇ ਨੂੰ ਅੱਧਾ ਝੁਕਾਵਾਂਗਾ।’’ (ਪੀਟੀਆਈ)