
ਇਹ ਘਟਨਾ 21 ਮਈ ਨੂੰ ਦੱਖਣੀ ਲੰਡਨ ਦੇ ਅਲੈਗਜ਼ੈਂਡਰਾ ਮੈਕਲੌਡ ਸਕੂਲ ਐਬੀ ਵੁੱਡ 'ਚ ਵਾਪਰੀ ਹੈ
ਲੰਡਨ: ਯੂਕੇ ਵਿਚ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ 5 ਸਾਲਾ ਸਿੱਖ ਲੜਕੇ ਦੇ ਸਕੂਲ ਵਿਚ ਇਕ ਵਿਦਿਆਰਥੀ ਨੇ ਜਬਰੀ ਕੇਸ ਕੱਟ ਦਿੱਤੇ ਹਨ ਜਿਸ ਨਾਲ ਪੂਰਾ ਸਿੱਖ ਭਾਈਚਾਰਾ ਸਦਮੇ ਵਿਚ ਹੈ। ਇਹ ਘਟਨਾ 21 ਮਈ ਨੂੰ ਦੱਖਣੀ ਲੰਡਨ ਦੇ ਅਲੈਗਜ਼ੈਂਡਰਾ ਮੈਕਲੌਡ ਸਕੂਲ ਐਬੀ ਵੁੱਡ 'ਚ ਵਾਪਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀ ਉਮਰ ਸਿਰਫ਼ 5 ਸਾਲ ਦੀ ਹੈ, ਤੇ ਉਹ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੈ। ਲੜਕੇ ਦੀ ਮਾਂ ਜੇ.ਕੇ. ਪੁਰੇਵਾਲ ਨੇ ਇੱਕ ਫੇਸਬੁੱਕ ਪੋਸਟ ਵਿੱਚ ਆਪਣੀ ਨਫ਼ਰਤ ਜ਼ਾਹਰ ਕਰਦਿਆਂ ਕਿਹਾ ਕਿ ਸਕੂਲ ਇਸ ਧੱਕੇਸ਼ਾਹੀ ਵਿਰੁੱਧ ਕਾਰਵਾਈ ਕਰ ਰਿਹਾ ਹੈ। “ਅਸੀਂ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਸੱਚਮੁੱਚ ਡਰਦੇ ਹਾਂ।
ਪਤਾ ਨਹੀਂ ਭਵਿੱਖ ਵਿਚ ਉਸ ਨੂੰ ਸੁਰੱਖਿਅਤ ਰੱਖਣ ਲਈ ਕੀ ਕਰਨਾ ਹੋਵੇਗਾ। ਸ੍ਰੀਮਤੀ ਪੁਰੇਵਾਲ ਨੇ ਅੱਗੇ ਦੱਸਿਆ ਕਿ ਉਸ ਦਾ ਪੁੱਤਰ ਸੱਚਮੁੱਚ ਪਰੇਸ਼ਾਨ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਸਥਾਨਕ ਸਿੱਖ ਸੰਸਥਾਵਾਂ ਨਾਲ ਸੰਪਰਕ ਕਰ ਕੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਨਿੱਜਤਾ ਨੂੰ ਧਿਆਨ ਵਿਚ ਰੱਖਦਿਆਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਨਾ ਕੀਤੀਆਂ ਜਾਣ।
ਬੱਚੇ ਦਾ ਨਾਮ ਵਿਜੈ ਸਿੰਘ ਦੱਸਿਆ ਜਾ ਰਿਹਾ ਹੈ। ਉਹ ਇਕ ਚੰਗਾ ਵਿਦਿਆਰਥੀ ਹੈ ਜਿਸ ਨੂੰ ਸਕੂਲ ਵਿਚ ਆਪਣੇ ਲੰਬੇ ਵਾਲਾਂ ਅਤੇ ਪਟਕੇ ਕਾਰਨ ਲਗਾਤਾਰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਦੱਸਣਯੋਗ ਹੈ ਕਿ ਸਿੱਖ ਕੌਮ ਨਾਲ ਵਿਦੇਸ਼ਾਂ ਵਿਚ ਅਕਸਰ ਧੱਕੇਸ਼ਾਹੀ ਦੀਆਂ ਘਟਨਾਵਾਂ ਸਾਹਮਮਏ ਆਉਂਦੀਆਂ ਰਹਿੰਦੀਆਂ ਹਨ ਤੇ ਇਸ ਨੂੰ ਰੋਕਣਾ ਲਾਜ਼ਮੀ ਹੈ। ਸਿੱਖ ਬੱਚਿਆਂ ਨਾਲ ਸਾਲਾਂ-ਬੱਧੀ ਧੱਕੇਸ਼ਾਹੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਬਾਹਰਲੇ ਮੁਲਕਾਂ ਵਿਚ ਜਿੱਥੇ ਸਿੱਖ ਕੌਮ ਆਪਣੀ ਮਿਹਨਤ ਨਾਲ ਬੁਲੰਦੀਆਂ ਹਾਸਿਲ ਕਰ ਰਹੀ ਹੈ ਓਥੇ ਅਜਿਹੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ ਜੋ ਬੇਹੱਦ ਨਿੰਦਣਯੋਗ ਹਨ।