
ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪ੍ਰਭਾਵਿਤ ਸਕੂਲ ਮੀਰ ਅਲੀ ਉਪ ਮੰਡਲ ਦੇ ਮੁਸਕੀ ਅਤੇ ਹਸੂ ਖੇਲ ਪਿੰਡਾਂ ਵਿਚ ਸਥਿਤ ਹਨ
ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਉਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਇਕ ਹੋਰ ਕੱਟੜਪੰਥੀ ਕਾਰਵਾਈ ਕਰਦੇ ਹੋਏ ਲੜਕੀਆਂ ਦੇ ਦੋ ਸਕੂਲਾਂ ਨੂੰ ਉਡਾ ਦਿਤਾ। ਡਿਪਟੀ ਕਮਿਸ਼ਨਰ ਰੇਹਾਨ ਗੁਲ ਖੱਟਕ ਨੇ ਹਾਫ਼ਿਜ਼ਾਬਾਦ ਦੇ ਹੱਸੂ ਖੇਲ ਵਿਚ ਸਰਕਾਰੀ ਗਰਲਜ਼ ਮਿਡਲ ਸਕੂਲ ਵਿਚ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਦੌਰਾਨ ਜ਼ਿਲ੍ਹਾ ਪੁਲਿਸ ਅਧਿਕਾਰੀ ਸਲੀਮ ਰਿਆਜ਼ ਨੇ ਦਸਿਆ ਕਿ ਐਤਵਾਰ ਰਾਤ ਨੂੰ ਲੜਕੀਆਂ ਦੇ ਦੋ ਸਕੂਲਾਂ ਨੂੰ ਵਿਸਫੋਟਕਾਂ ਨਾਲ ਨਿਸ਼ਾਨਾ ਬਣਾ ਕੇ ਤਬਾਹ ਕਰਨ ਦੀ ਸੂਚਨਾ ਮਿਲੀ ਸੀ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪ੍ਰਭਾਵਿਤ ਸਕੂਲ ਮੀਰ ਅਲੀ ਉਪ ਮੰਡਲ ਦੇ ਮੁਸਕੀ ਅਤੇ ਹਸੂ ਖੇਲ ਪਿੰਡਾਂ ਵਿਚ ਸਥਿਤ ਹਨ।
ਉਨ੍ਹਾਂ ਕਿਹਾ ਕਿ ਅਤਿਵਾਦੀ ਕਾਰਵਾਈਆਂ ਕਰਨ ਵਾਲਿਆਂ ਖ਼ਿਲਾਫ਼ ਅਤਿਵਾਦ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ। ਖੈਬਰ ਪਖਤੂਨਖਵਾ ਵਿੱਚ ਵਿਦਿਅਕ ਅਦਾਰਿਆਂ ਵਿਰੁਧ ਹਿੰਸਾ ਦੀ ਇਹ ਤਾਜ਼ਾ ਘਟਨਾ ਸੀ।
ਇਹ ਘਟਨਾ ਇਸ ਮਹੀਨੇ ਦੇ ਸ਼ੁਰੂ ਵਿਚ ਅੱਪਰ ਕੁਰੱਮ ਤਹਿਸੀਲ ਵਿਚ ਵੱਖ-ਵੱਖ ਗੋਲੀਬਾਰੀ ਵਿਚ ਪੰਜ ਅਧਿਆਪਕਾਂ ਸਮੇਤ ਅੱਠ ਦੇ ਮਾਰੇ ਜਾਣ ਤੋਂ ਬਾਅਦ ਹੋਈ ਹੈ।