
ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 21 ਸਾਲਾ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਬੰਦੂਕ ਦੀ ਨੋਕ 'ਤੇ ਕਥਿਤ ਰੂਪ ਨਾਲ ਅਗ਼ਵਾ ਕਰ ਕੇ ਉਸ ਨਾਲ.....
ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 21 ਸਾਲਾ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਬੰਦੂਕ ਦੀ ਨੋਕ 'ਤੇ ਕਥਿਤ ਰੂਪ ਨਾਲ ਅਗ਼ਵਾ ਕਰ ਕੇ ਉਸ ਨਾਲ ਜਬਰ ਜ਼ਨਾਹ ਕੀਤਾ। ਇਹ ਜਾਣਕਾਰੀ ਪੁਲਿਸ ਅਧਿਕਾਰੀਆਂ ਨੇ ਦਿਤੀ। ਇਹ ਘਟਨਾ ਬੀਤੀ ਸ਼ਾਮ ਪਾਕਿਸਤਾਨ ਦੀ ਵਿੱਤੀ ਰਾਜਧਾਨੀ ਦੇ ਗੁਲਸ਼ਾ-ਏ-ਹਦੀਦ ਇਲਾਕੇ ਵਿਚ ਵਾਪਰੀ। ਇਕ ਪੁਲਿਸ ਅਧਿਕਾਰੀ ਮੁਤਾਬਕ ਲੜਕੀ ਅਪਣੇ ਪਰਵਾਰ ਦੇ ਮੈਂਬਰਾਂ ਨਾਲ ਪਾਰਕ ਦੇ ਬਾਹਰ ਖੜੀ ਸੀ। ਉਦੋਂ ਕਾਰ ਵਿਚ ਸਵਾਰ ਤਿੰਨ ਸ਼ਖ਼ਸ ਬੰਦੂਕ ਦੀ ਨੋਕ 'ਤੇ ਉਸ ਨੂੰ ਅਗ਼ਵਾ ਕਰ ਕੇ ਲੈ ਗਏ। ਸੀਨੀਅਰ ਪੁਲਿਸ ਸੁਪਰਡੈਂਟ ਮਲੀਰ, ਅਬੀਦ ਹੁਸੈਨ ਕਯਮਖ਼ਾਨੀ ਨੇ ਦਸਿਆ ਕਿ ਬਲਾਤਕਾਰ ਦੇ ਬਾਅਦ ਦੋਸ਼ੀ ਸ਼ਖ਼ਸ
ਉਸ ਨੂੰ ਘਰ ਦੇ ਬਾਹਰ ਛੱਡ ਕੇ ਭੱਜ ਗਏ। ਪੁਲਿਸ ਮੁਤਾਬਕ ਲੜਕੀ ਦੇ ਪਿਤਾ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਦੋਸ਼ੀਆਂ ਵਿਚੋਂ ਇਕ ਸ਼ਖ਼ਸ ਉਸ ਦਾ ਗੁਆਂਢੀ ਹੈ। ਕਯਮਖ਼ਾਨੀ ਨੇ ਦਸਿਆ ਕਿ ਮੈਡੀਕਲ ਜਾਂਚ ਵਿਚ ਲੜਕੀ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਤੀਜੇ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਕਾਰ ਵਿਚ ਲੜਕੀ ਨੂੰ ਅਗ਼ਵਾ ਕਰ ਕੇ ਲਿਜਾਇਆ ਗਿਆ ਸੀ ਪੁਲਿਸ ਨੇ ਉਸ ਕਾਰ ਨੂੰ ਵੀ ਜਬਤ ਕਰ ਲਿਆ ਹੈ। (ਪੀ.ਟੀ.ਆਈ)