
ਅਸੀਂ ਦੋਵੇਂ ਨੇਤਾ ਜਾਮ ਟਕਰਾ ਰਹੇ ਹਾਂ ਪਰ ਸ਼ਰਾਬ ਤੋਂ ਬਗ਼ੈਰ : ਬਾਈਡਨ
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿਚ ਇਕ ਸਟੇਟ ਡਿਨਰ ਵਿਚ ਆਪਣੇ ਸੰਬੋਧਨ ਦੌਰਾਨ ਭਾਰਤੀ-ਅਮਰੀਕੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਮੋਦੀ ਦੋਹਾਂ ਨੇ ਅਪਣੇ ਮਹਿਮਾਨਾਂ ਨਾਲ ਕੁਝ ਹਲਕੇ ਪਲ ਸਾਂਝੇ ਕੀਤੇ। ਕਈ ਪ੍ਰੋਗਰਾਮਾਂ ਵਿਚ ਰੁੱਝੇ ਹੋਏ ਮੋਦੀ ਨੇ ਕਿਹਾ ਕਿ ਉਹ ਵੀਰਵਾਰ ਨੂੰ ਦਿਤੇ ਭਾਸ਼ਣਾਂ ਦੀ ਗਿਣਤੀ ਵੀ ਭੁੱਲ ਗਏ ਹਨ।
ਦਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਅਪ੍ਰੈਲ ਵਿਚ ਅਪਣੇ ਲਈ ਦਿਤੇ ਇਸੇ ਤਰ੍ਹਾਂ ਦੇ ਖਾਣੇ ਦੌਰਾਨ ਇਕ ਗੀਤ ਗਾ ਕੇ ਮਹਿਮਾਨਾਂ ਨੂੰ ਹੈਰਾਨ ਕਰ ਦਿਤਾ। ਮੋਦੀ ਨੇ ਯੇਓਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬਾਈਡਨ ਦੀ ਮਹਿਮਾਨਨਿਵਾਜ਼ੀ ਨੇ ਉਨ੍ਹਾਂ ਦੇ ਮਹਿਮਾਨਾਂ ਨੂੰ ਗਾਉਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਮਹਿਮਾਨ ਹੱਸ ਪਏ।
ਉਨ੍ਹਾਂ ਕਿਹਾ ਕਿ ਉਦੋਂ ਉਨ੍ਹਾਂ ਦੀ ਇਛਾ ਸੀ ਕਿ ਉਨ੍ਹਾਂ ’ਚ ਵੀ ਗਾਉਣ ਦਾ ਹੁਨਰ ਹੋਵੇ ਕਿ ‘‘ਮੈਂ ਵੀ ਕੋਈ ਗੀਤ ਗਾ ਸਕਦਾ।’’
ਮੋਦੀ ਨੇ ਯਾਦ ਕਰਦਿਆਂ ਕਿਹਾ, ‘‘2014 ਵਿਚ ਮੇਰੇ ਲਈ ਦਿਤੇ ਰਾਤ ਦੇ ਖਾਣੇ ਦੌਰਾਨ, ਮੈਂ ਕੁਝ ਨਹੀਂ ਖਾ ਸਕਿਆ ਕਿਉਂਕਿ ਮੈਂ ਨਰਾਤਿਆਂ ਦੇ ਵਰਤ ’ਤੇ ਸੀ, ਜਦੋਂ ਕਿ ਤਤਕਾਲੀ ਉਪ ਰਾਸ਼ਟਰਪਤੀ ਬਾਈਡਨ ਮੈਨੂੰ ਵਾਰ-ਵਾਰ ਪੁੱਛਦੇ ਰਹੇ ਕਿ ਕੀ ਤੁਸੀਂ ਕੁਝ ਨਹੀਂ ਖਾਓਗੇ? ਤੁਸੀਂ ਇਸ ਬਾਰੇ ਵੀ ਬਹੁਤ ਚਿੰਤਤ ਸੀ। ਮੈਨੂੰ ਲਗਦਾ ਹੈ ਕਿ ਉਸ ਸਮੇਂ ਤੁਹਾਡੀ ਮੈਨੂੰ ਪਿਆਰ ਨਾਲ ਕੁਝ ਖਿਲਾਉਣ ਦੀ ਇੱਛਾ ਅੱਜ ਪੂਰੀ ਹੋ ਰਹੀ ਹੈ।’’
ਆਪਣੇ ਸੰਬੋਧਨ ਵਿਚ, ਬਾਈਡਨ ਨੇ ਹਲਕੇ ਜਿਹੇ ਅੰਦਾਜ਼ ਵਿੱਚ ਕਿਹਾ, ‘‘ਅਸੀਂ ਦੋਵੇਂ ਨੇਤਾ ਜਾਮ ਟਕਰਾ ਰਹੇ ਹਾਂ ਪਰ ਸ਼ਰਾਬ ਤੋਂ ਬਗ਼ੈਰ।’’ 400 ਮਹਿਮਾਨਾਂ ਵਾਲੇ ਹਾਲ ’ਚ ਬਾਈਡਨ ਨੇ ਦਸਿਆ ਕਿ ਉਨ੍ਹਾਂ ਦੇ ਦਾਦਾ ਕਹਿੰਦੇ ਹੁੰਦੇ ਸਨ ਕਿ ਜੇਕਰ ਤੁਸੀਂ ਜਾਮ ਟਕਰਾਉਣੇ ਹਨ ਅਤੇ ਤੁਹਾਡੇ ਗਲਾਸ ’ਚ ਸ਼ਰਾਬ ਨਹੀਂ ਹੈ ਤਾਂ ਇਹ ਤੁਹਾਨੂੰ ਅਪਣੇ ਖੱਬੇ ਹੱਥ ਨਾਲ ਕਰਨਾ ਚਾਹੀਦਾ ਹੈ। ਅਸਲ ’ਚ ਮੋਦੀ ਸ਼ਰਾਬ ਨਹੀਂ ਪੀਂਦੇ ਅਤੇ ਉਨ੍ਹਾਂ ਦੇ ਗਲਾਸ ’ਚ ਸੋਡਾ ਹੀ ਸੀ।
ਉਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਇਤਿਹਾਸਕ ਸਬੰਧਾਂ ’ਤੇ ਚਰਚਾ ਕੀਤੀ ਅਤੇ ਭਾਰਤੀ-ਅਮਰੀਕੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਬਾਈਡਨ ਨੇ ਰਬਿੰਦਰਨਾਥ ਟੈਗੋਰ ਦੀ ਅਮਰੀਕਾ ਫੇਰੀ ਅਤੇ ਇੱਥੋਂ ਦੇ ਵਿਚਾਰਾਂ ’ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵੀ ਗੱਲ ਕੀਤੀ ਅਤੇ ਉਨ੍ਹਾਂ ਦੀ ਮਸ਼ਹੂਰ ਕਵਿਤਾ ‘ਵੇਅਰ ਮਾਇੰਡ ਇਜ਼ ਵਿਦਾਊਟ ਫ਼ੀਅਰ’ ਦਾ ਜ਼ਿਕਰ ਕੀਤਾ।
ਮੋਦੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਭਾਰਤੀ-ਅਮਰੀਕੀਆਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਜਿਸ ਦੇਸ਼ ’ਚ ਉਹ ਰਹਿੰਦੇ ਹਨ, ਦੇ ਸਮੁੱਚੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਕੰਪਲੈਕਸ ਵਿਖੇ ਅਮਰੀਕੀ ਰਾਸ਼ਟਰਪਤੀ ਬਾਈਡਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡਨ ਦੁਆਰਾ ਆਯੋਜਿਤ ਸਟੇਟ ਡਿਨਰ ਵਿਚ ਅਪਣੇ ‘‘ਬਿਹਤਰੀਨ’’ ਮੇਜ਼ਬਾਨਾਂ ਦੀ ਸਫਲਤਾ ਅਤੇ ਖੁਸ਼ੀ ਦੀ ਕਾਮਨਾ ਕੀਤੀ।
ਉਨ੍ਹਾਂ ਭਾਰਤ ਅਤੇ ਅਮਰੀਕਾ ਦੀ ਸਦੀਵੀ ਦੋਸਤੀ ਦੇ ਨਾਲ-ਨਾਲ ਚੰਗੀ ਸਿਹਤ, ਖੁਸ਼ਹਾਲੀ ਅਤੇ ਆਜ਼ਾਦੀ ਅਤੇ ਲੋਕਾਂ ਦੀ ਸਮਾਨਤਾ ਅਤੇ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ।
ਰਾਤ ਦੇ ਖਾਣੇ ਵਿਚ 400 ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿਤਾ ਗਿਆ ਸੀ, ਜਿਸ ਵਿਚ ਮੁਕੇਸ਼ ਅੰਬਾਨੀ, ਆਨੰਦ ਮਹਿੰਦਰਾ, ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ ਐਪਲ ਦੇ ਸੀ.ਈ.ਓ. ਟਿਮ ਕੁੱਕ ਸਮੇਤ ਟੈਕਨਾਲੋਜੀ ਦੇ ਦਿੱਗਜ ਅਤੇ ਅਰਬਪਤੀ ਉਦਯੋਗਪਤੀ ਸ਼ਾਮਲ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਹਰ ਗੁਜ਼ਰਦੇ ਦਿਨ ਦੇ ਨਾਲ, ਭਾਰਤੀ ਅਤੇ ਅਮਰੀਕੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਰਹੇ ਹਨ। ਅਸੀਂ ਇਕ-ਦੂਜੇ ਦੇ ਨਾਂ ਸਹੀ ਢੰਗ ਨਾਲ ਉਚਾਰ ਸਕਦੇ ਹਾਂ। ਅਸੀਂ ਇਕ ਦੂਜੇ ਦੀ ਆਵਾਜ਼ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਭਾਰਤ ਵਿਚ ਬੱਚੇ ‘ਹੈਲੋਵੀਨ’ ਅਤੇ ‘ਸਪਾਈਡਰ-ਮੈਨ’ ਦੇ ਰੂਪ ਵਿਚ ਪਹਿਰਾਵਾ ਪਾਉਂਦੇ ਹਨ ਅਤੇ ਅਮਰੀਕਾ ਵਿਚ ਨੌਜਵਾਨ ‘ਨਾਟੂ-ਨਾਟੂ’ ਦੀ ਧੁਨ ’ਤੇ ਨੱਚ ਰਹੇ ਹਨ।’’
ਉਨ੍ਹਾਂ ਕਿਹਾ ਕਿ ਅਮਰੀਕਾ ਬੇਸਬਾਲ ਨੂੰ ਪਸੰਦ ਕਰਦਾ ਹੈ, ਪਰ ਇੱਥੇ ਕ੍ਰਿਕਟ ਵੀ ਪ੍ਰਸਿੱਧ ਹੋ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਅਮਰੀਕੀ ਟੀਮ ਇਸ ਸਾਲ ਦੇ ਅੰਤ ਵਿਚ ਭਾਰਤ ਵਿਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।’’
ਮੋਦੀ ਨੇ ਬਾਈਡਨ ਨੂੰ ਦਸਿਆ ਕਿ ਉਨ੍ਹਾਂ ਨੇ ਅੱਜ ਰਾਤ ਬੇਮਿਸਾਲ ਪ੍ਰਤਿਭਾਸ਼ਾਲੀ ਅਤੇ ਕਮਾਲ ਦੇ ਲੋਕਾਂ ਨੂੰ ਸੱਦਾ ਦਿਤਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਇਸ ਲਈ ਤੁਹਾਡੀ ਤਾਰੀਫ਼ ਕਰਨੀ ਚਾਹੀਦੀ ਹੈ। ਇਹ ਲੋਕ ਭਾਰਤ-ਅਮਰੀਕਾ ਸਬੰਧਾਂ, ਸਾਡੀ ਊਰਜਾ, ਸਾਡੀ ਗਤੀਸ਼ੀਲਤਾ ਅਤੇ ਸਾਡੇ ਰਾਸ਼ਟਰ ਦੇ ਪ੍ਰਤੀਕ ਹਨ।’’
ਮੋਦੀ ਨੇ ਡਿਨਰ ’ਤੇ ਆਪਣੇ ਸੰਬੋਧਨ ਦੌਰਾਨ ਹਿੰਦੀ ’ਚ ਗੱਲ ਕੀਤੀ, ਜਿਸ ਦਾ ਅੰਗਰੇਜ਼ੀ ’ਚ ਅਨੁਵਾਦ ਕੀਤਾ ਗਿਆ।
ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਅਮਰੀਕਾ ਦੇ ਸ਼ੁਰੂਆਤੀ ਦਿਨਾਂ ਤੋਂ ਹਨ। ਉਨ੍ਹਾਂ ਕਿਹਾ, ‘‘1792 ਵਿਚ, ਸਾਡੇ ਪਹਿਲੇ ਰਾਸ਼ਟਰਪਤੀ, ਜਾਰਜ ਵਾਸ਼ਿੰਗਟਨ ਨੇ ਵਪਾਰ ਅਤੇ ਸੱਭਿਆਚਾਰ ਦੇ ਕੇਂਦਰ ਕੋਲਕਾਤਾ ਵਿਚ ਪਹਿਲਾ ਸਫ਼ਾਰਤਖਾਨਾ ਸਥਾਪਿਤ ਕੀਤਾ ।’’
ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ ਕਿ ਦੋਵੇਂ ਲੋਕਤੰਤਰੀ ਦੇਸ਼ ਪੀੜ੍ਹੀ ਦਰ ਪੀੜ੍ਹੀ ਬਦਲਾਅ ਨੂੰ ਮਨਜ਼ੂਰ ਕਰਦਿਆਂ ਟਿਕੇ ਹੋਏ ਹਨ ਅਤੇ ਸੋਚ-ਵਿਚਾਰ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ''ਮੈਂ ਆਪਣੀ ਭਾਰਤ ਯਾਤਰਾ ਦੌਰਾਨ ਦੇਖਿਆ ਸੀ। ਮੈਂ ਇੱਥੇ ਅਮਰੀਕਾ ਵਿਚ ਭਾਰਤੀ ਭਾਈਚਾਰੇ ਵਿਚ ਇਹ ਦੇਖ ਰਿਹਾ ਹਾਂ। ਮੈਂ ਇਸ ਨੂੰ ਕਲਾ, ਸਿੱਖਿਆ, ਮੀਡੀਆ, ਕਾਨੂੰਨ, ਦਵਾਈ, ਵਿਗਿਆਨ ਅਤੇ ਵਪਾਰ ਵਿਚ ਹਰ ਪੱਧਰ ’ਤੇ, ਸਪੈਲਿੰਗ ਬੀ ਜੇਤੂਆਂ ਵਿਚ, ਮੇਰੇ ਗ੍ਰਹਿ ਰਾਜ ਡੇਲਾਵੇਅਰ ਸਮੇਤ ਦੇਸ਼ ਭਰ ਦੇ ਮੇਰੇ ਕ੍ਰਿਕਟ ਕਲੱਬਾਂ ਵਿਚ, ਅਤੇ ਰੀਕਾਰਡ ਗਿਣਤੀ ਵਿਚ ਭਾਰਤੀ ਦੇਖਦਾ ਹਾਂ।’’
ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਬਾਈਡਨ ਅਤੇ ਜਿਲ ਬਾਈਡਨ ਦੇ ਸੱਦੇ ’ਤੇ 21 ਤੋਂ 24 ਜੂਨ ਤਕ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਹਨ।