
ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਫ਼ੌਜ ਮੁੱਖ ਦਫ਼ਤਰ ਦੇ ਬਾਹਰ ਸਨਿਚਰਵਾਰ ਦੇਰ ਰਾਤ ਭੀੜ ਨੇ ਆਈ.ਐਸ.ਆਈ. ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਮੁੱਖ ਦਫ਼ਤਰ ਦੇ ...
ਲਾਹੌਰ,ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਫ਼ੌਜ ਮੁੱਖ ਦਫ਼ਤਰ ਦੇ ਬਾਹਰ ਸਨਿਚਰਵਾਰ ਦੇਰ ਰਾਤ ਭੀੜ ਨੇ ਆਈ.ਐਸ.ਆਈ. ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ। ਮੁੱਖ ਦਫ਼ਤਰ ਦੇ ਬਾਹਰ ਭਾਰੀ ਗਿਣਤੀ 'ਚ ਇਕੱਤਰ ਲੋਕਾਂ ਨੇ ਆਈ.ਐਸ.ਆਈ. ਮੁਰਦਾਬਾਦ ਦੇ ਨਾਹਰੇ ਵੀ ਲਗਾਏ। ਦਰਅਸਲ ਕਈ ਖ਼ਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਵੀ ਦੇਸ਼ ਦੀਆਂ ਆਮ ਚੋਣਾਂ 'ਚ ਖੁਫ਼ੀਆ ਏਜੰਸੀ ਆਈ.ਐਸ.ਆਈ. ਦਾ ਦਖ਼ਲ ਹੈ।
ਇਕ ਦਿਨ ਪਹਿਲਾਂ ਹੀ ਇਸਲਾਮਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ੌਕਤ ਸਿੱਦੀਕੀ ਨੇ ਆਈ.ਐਸ.ਆਈ. 'ਤੇ ਨਿਆਂਇਕ ਮਾਮਲਿਆਂ 'ਚ ਦਖ਼ਲ ਦੇਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਖੁਫ਼ੀਆ ਏਜੰਸੀ ਦੇਸ਼ ਦੇ ਮੁੱਖ ਜੱਜ ਸਮੇਤ ਕਈ ਹੋਰ ਜੱਜਾਂ 'ਤੇ ਅਪਣੇ ਮੁਤਾਬਕ ਫ਼ੈਸਲੇ ਦੇਣ ਦਾ ਦਬਾਅ ਬਣਾ ਰਹੀ ਹੈ।
ਜੱਜ ਸ਼ੌਕਤ ਨੇ ਇਹ ਦੋਸ਼ ਰਾਵਲਪਿੰਡੀ ਬਾਰ ਐਸੋਸੀਏਸ਼ਨ ਦੀ ਇਕ ਮੀਟਿੰਗ ਦੌਰਾਨ ਲਗਾਏ। ਉਨ੍ਹਾਂ ਕਿਹਾ, ''ਅੱਜ ਅਦਾਲਤ ਅਤੇ ਮੀਡੀਆ ਦੋਵੇਂ ਹੀ ਬੰਦੂਕਧਾਰੀਆਂ (ਫ਼ੌਜ) ਦੇ ਕਬਜ਼ੇ 'ਚ ਹਨ।
ਅਦਾਲਤ ਆਜ਼ਾਦ ਨਹੀਂ ਹੈ। ਇਥੇ ਤਕ ਕਿ ਮੀਡੀਆ ਨੂੰ ਵੀ ਫ਼ੌਜ ਤੋਂ ਹੀ ਹੁਕਮ ਮਿਲ ਰਹੇ ਹਨ। ਮੀਡੀਆ ਸੱਚਾਈ ਨਹੀਂ ਦੱਸ ਰਹੀ, ਕਿਉਂਕਿ ਉਸ 'ਤੇ ਦਬਾਅ ਹੈ।''
ਸ਼ੌਕਤ ਨੇ ਦਾਅਵਾ ਕੀਤਾ, ''ਵੱਖ-ਵੱਖ ਮਾਮਲਿਆਂ 'ਚ ਆਈ.ਐਸ.ਆਈ. ਅਪਣੇ ਹਿਸਾਬ ਨਾਲ ਜੱਜਾਂ ਦੇ ਬੈਂਚ ਬਣਾਉਂਦੀ ਹੈ, ਤਾਕਿ ਮਾਮਲਿਆਂ 'ਚ ਫ਼ੈਸਲੇ ਵੀ ਉਨ੍ਹਾਂ ਮੁਤਾਬਕ ਹੀ ਮਿਲ ਸਕਣ।
ਆਈ.ਐਸ.ਆਈ. ਨੇ ਮੁੱਖ ਜੱਜ ਨੂੰ ਕਹਿ ਦਿਤਾ ਹੈ ਕਿ ਨਵਾਜ਼ ਸ਼ਰੀਫ਼ ਅਤੇ ਮਰੀਅਮ 25 ਜੁਲਾਈ ਨੂੰ ਚੋਣ ਤੋਂ ਪਹਿਲਾਂ ਜੇਲ ਤੋਂ ਬਾਹਰ ਨਹੀਂ ਆਉਣੇ ਚਾਹੀਦੇ। ਇਸ ਤੋਂ ਇਲਾਵਾ ਏਜੰਸੀ ਨੇ ਮੈਨੂੰ ਵੀ ਨਵਾਜ਼ ਸ਼ਰੀਫ਼ ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਬੈਂਚ 'ਚ ਸ਼ਾਮਲ ਨਾ ਕਰਨ ਲਈ ਕਿਹਾ ਹੈ।'' (ਪੀਟੀਆਈ)