ਝੂਠਾ ਬਿਆਨ ਦੇਣ ਲਈ ਕੀਤਾ ਗਿਆ ਮਜਬੂਰ
ਇਸਲਾਮਾਬਾਦ - ਆਏ ਦਿਨ ਇਹ ਖ਼ਬਰ ਦੇਖਣ ਨੂੰ ਮਿਲ ਦੀ ਹੈ ਕਿ ਪਾਕਿਸਤਾਨ 'ਚ ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਜਾਂ ਬਲਾਤਕਾਰ ਕਰ ਕੇ ਉਹਨਾਂ ਨੂ ਛੱਡ ਦਿੱਤਾ ਜਾ ਰਿਹਾ ਹੈ। ਹੁਣ ਇਕ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਾਪੁਖਾਸ 'ਚ ਸਾਹਮਣੇ ਆਈ ਹੈ।
ਬਲਾਤਕਾਰ ਪੀੜਤ ਹਿੰਦੂ ਲੜਕੀ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨਾਲ ਇਕ ਮੁਸਲਮਾਨ ਲੜਕੇ ਨੇ ਬਲਾਤਕਾਰ ਕੀਤਾ ਸੀ। ਜਿਸ ਵਿਚ ਇੱਕ ਔਰਤ ਨੇ ਵੀ ਉਸ ਦਾ ਸਾਥ ਦਿੱਤਾ। ਮਾਮਲਾ ਪਹਿਲਾਂ ਥਾਣੇ ਅਤੇ ਫਿਰ ਅਦਾਲਤ ਤੱਕ ਪਹੁੰਚਿਆ ਪਰ ਮਹਿਲਾ ਥਾਣੇ ਦੇ ਐਸਐਚਓ ਮੋਮਲ ਲਘਾੜੀ ਅਤੇ ਮੁਲਜ਼ਮ ਔਰਤ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ।
ਪੀੜਤਾ ਨੇ ਦੱਸਿਆ ਕਿ ਉਹ ਦੋਵੇਂ ਉਸ ਨੂੰ ਕਚਹਿਰੀ ਦੇ ਕੋਲ ਇੱਕ ਕਮਰੇ ਵਿਚ ਲੈ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦੋਵੇਂ ਉਸ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਉਸ ਦਾ ਬਲਾਤਕਾਰ ਕਰਨ ਵਾਲੇ ਸ਼ਫਾਕ ਭਰਗੜੀ ਨਾਲ ਵਿਆਹ ਕਰਵਾ ਰਹੀ ਹੈ। ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਉਹ ਉਸ ਨੂੰ ਜੇਲ੍ਹ ਭੇਜ ਦੇਣਗੇ ਅਤੇ ਮਾਰ ਦੇਣਗੇ।
ਦੋਸ਼ੀ ਔਰਤ ਹਰ ਰੋਜ਼ ਉਸ ਨੂੰ ਸ਼ੈਲਟਰ ਹੋਮ 'ਚ ਮਿਲਣ ਆਉਂਦੀ ਸੀ। ਉਸ ਨੂੰ ਰੋਜ਼ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਸੇਫ ਹਾਊਸ 'ਚ ਦੋਸ਼ੀ ਔਰਤ ਨੇ ਉਸ ਨੂੰ ਕੱਪੜੇ ਅਤੇ ਹੋਰ ਸਾਮਾਨ ਦਿੱਤਾ। ਪੀੜਤਾ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਦੁਬਾਰਾ ਆਪਣਾ ਬਿਆਨ ਦੇਣ ਲਈ ਤਿਆਰ ਹੈ। ਉਹ ਉਨ੍ਹਾਂ ਲੋਕਾਂ ਦੇ ਨਾਂ ਵੀ ਲੈਣਾ ਚਾਹੁੰਦੀ ਹੈ ਜਿਨ੍ਹਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ। ਉਸ ਨੂੰ ਉਮੀਦ ਹੈ ਕਿ ਪਾਕਿਸਤਾਨੀ ਅਦਾਲਤ ਉਸ ਨੂੰ ਇਨਸਾਫ਼ ਦੇਵੇਗੀ।
ਦੋ ਮਹੀਨੇ ਪਹਿਲਾਂ ਰੀਟਾ ਮੇਘਵਾਰ ਨਾਂ ਦੀ ਲੜਕੀ ਨੂੰ ਮੀਰਪੁਰਖਾਸ ਸਥਿਤ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਮੁਸਲਿਮ ਨੌਜਵਾਨ ਅਹਿਮਦਾਨੀ ਨੇ ਅਗਵਾ ਕਰ ਲਿਆ ਸੀ। ਕਿਸੇ ਤਰ੍ਹਾਂ ਪਰਿਵਾਰ ਪਹਿਲਾਂ ਪੁਲਿਸ ਕੋਲ ਗਿਆ ਅਤੇ ਫਿਰ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜਾਂਚ 'ਚ ਸਾਹਮਣੇ ਆਇਆ ਕਿ ਲੜਕੀ ਨੇ ਇਸਲਾਮ ਕਬੂਲ ਕਰ ਲਿਆ   ਸੀ ਅਤੇ ਉਸ ਦਾ ਵਿਆਹ ਅਹਿਮਦਾਨੀ ਨਾਲ ਹੋਇਆ ਸੀ। ਲੜਕੀ ਅਦਾਲਤ ਵਿਚ ਰੌਲਾ ਪਾਉਂਦੀ ਰਹੀ ਕਿ ਉਸ ਨੇ ਆਪਣੇ ਪਰਿਵਾਰ ਕੋਲ ਜਾਣਾ ਹੈ ਪਰ ਅਦਾਲਤ ਨੇ ਉਸ ਨੂੰ ਜ਼ਬਰਦਸਤੀ ਸੁਰੱਖਿਆ ਘਰ ਭੇਜ ਦਿੱਤਾ। 
 
                    
                