
ਹਰ ਸਾਲ ਸਫ਼ਰ ਕਰਨ ਵਾਲੇ ਪੰਜ ਲੱਖ ਤੋਂ ਵੱਧ ਯਾਤਰੀਆਂ 'ਚੋਂ ਜ਼ਿਆਦਾਤਰ ਪੰਜਾਬੀ ਹਨ
ਟੋਰਾਂਟੋ - ਕੈਨੇਡਾ ਦੀ ਜਨਸੰਖਿਆ ਵਿੱਚ ਸਿੱਖਾਂ ਤੇ ਪੰਜਾਬੀਆਂ ਦੇ ਦਬਦਬੇ ਨੂੰ ਦੇਖਦੇ ਹੋਏ, ਕਨਜ਼ਰਵੇਟਿਵ ਸੰਸਦ ਮੈਂਬਰਾਂ ਨੇ ਏਅਰ ਕੈਨੇਡਾ ਨੂੰ ਕੈਨੇਡਾ ਤੋਂ ਪੰਜਾਬ ਦਰਮਿਆਨ ਸਿੱਧੀਆਂ ਉਡਾਣਾਂ ਸਥਾਪਿਤ ਕਰਨ ਲਈ ਕਿਹਾ ਹੈ।
ਏਅਰ ਕੈਨੇਡਾ ਨੂੰ ਲਿਖੇ ਇੱਕ ਪੱਤਰ ਵਿੱਚ, ਸੰਸਦ ਮੈਂਬਰ ਟਿਮ ਉੱਪਲ, ਜਸਰਾਜ ਸਿੰਘ ਹਾਲਨ, ਬ੍ਰੈਡਲੀ ਵਿਸ ਅਤੇ ਮਾਰਕ ਸਟ੍ਰਾਲ ਨੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਪਰਿਵਾਰਾਂ ਨੂੰ ਜੋੜੀ ਰੱਖਣ ਦੇ ਮੱਦੇਨਜ਼ਰ ਕੈਨੇਡਾ ਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਹੈ।
ਸੰਸਦ ਮੈਂਬਰਾਂ ਨੇ ਪਿਛਲੇ ਹਫ਼ਤੇ ਲਿਖਿਆ, "ਵੱਡੇ ਅਤੇ ਵਿਭਿੰਨ ਭਾਈਚਾਰਿਆਂ ਦੀ ਨੁਮਾਇੰਦਗੀ ਕਰਨ ਵਾਲੇ ਕੈਨੇਡੀਅਨ ਸੰਸਦ ਮੈਂਬਰ ਹੋਣ ਦੇ ਨਾਤੇ, ਅਸੀਂ ਕੈਨੇਡਾ ਅਤੇ ਪੰਜਾਬ ਵਿਚਕਾਰ ਸਿੱਧੀਆਂ ਉਡਾਣਾਂ ਦੀ ਸਥਾਪਨਾ ਨਾਲ ਸੰਬੰਧਿਤ ਆਰਥਿਕ ਅਤੇ ਸਮਾਜਿਕ ਮਹੱਤਵ ਨੂੰ ਉਜਾਗਰ ਕਰਨ ਲਈ ਲਿਖ ਰਹੇ ਹਾਂ।"
ਇੱਕ ਅੰਦਾਜ਼ੇ ਮੁਤਾਬਿਕ ਭਾਰਤ ਤੋਂ ਇਕੱਲੇ ਟੋਰਾਂਟੋ ਤੱਕ, ਹਰ ਸਾਲ ਪੰਜ ਲੱਖ ਯਾਤਰੀ ਸਫ਼ਰ ਕਰਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਪੰਜਾਬੀ ਹਨ।
ਸੰਸਦ ਮੈਂਬਰਾਂ ਨੇ ਕਿਹਾ, "ਕੈਨੇਡਾ ਤੋਂ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਸਹਿਜ ਰੂਪ ਵਿੱਚ ਸੈਰ-ਸਪਾਟਾ, ਵਪਾਰ ਨੂੰ ਹੁਲਾਰਾ ਦੇਣ ਦੇ ਨਾਲ, ਪਰਿਵਾਰਾਂ ਨੂੰ ਵੀ ਜੁੜੇ ਰਹਿਣ ਦੀ ਸਮਰੱਥਾ ਦੇਣਗੀਆਂ।"
ਇਸ ਵੇਲੇ ਕੈਨੇਡਾ ਤੋਂ ਅੰਮ੍ਰਿਤਸਰ ਵਿਚਕਾਰ ਕੋਈ ਸਿੱਧੀਆਂ ਉਡਾਣਾਂ ਨਹੀਂ ਹਨ, ਜਿਸ ਨਾਲ ਯਾਤਰੀਆਂ ਨੂੰ ਕਈ ਥਾਵਾਂ 'ਤੇ ਠਹਿਰਾਅ ਲੈਣੇ ਪੈਂਦੇ ਹਨ ਜਿਸ ਨਾਲ ਸਫ਼ਰ 'ਲੰਬਾ ਅਤੇ ਔਖਾ' ਬਣ ਜਾਂਦਾ ਹੈ।
ਕੈਨੇਡਾ ਵਿੱਚ ਲਗਭਗ 950,000 ਪੰਜਾਬੀ ਹਨ, ਜੋ 2021 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਦੀ ਆਬਾਦੀ ਦਾ ਲਗਭਗ 2.6 ਪ੍ਰਤੀਸ਼ਤ ਹਿੱਸਾ ਹੈ।
ਇਹਨਾਂ ਵਿੱਚੋਂ ਬਹੁਤ ਸਾਰੇ ਪਰਿਵਾਰਾਂ ਦੇ ਪਰਿਵਾਰ, ਦੋਸਤਾਂ ਅਤੇ ਕਾਰੋਬਾਰਾਂ ਦੇ ਆਧਾਰ 'ਤੇ ਪੰਜਾਬ ਨਾਲ ਸਿੱਧੇ ਸਬੰਧ ਹਨ।
ਕੈਨੇਡੀਅਨ ਸੰਸਦ ਮੈਂਬਰਾਂ ਵੱਲੋਂ ਭੇਜੇ ਗਏ ਪੱਤਰ ਵਿੱਚ ਇਹ ਵੀ ਦਰਜ ਹੈ ਕਿ 14,000 ਤੋਂ ਵੱਧ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀਆਂ ਨੇ ਇਸ ਸਾਲ ਇੱਕ ਅਧਿਕਾਰਤ ਸੰਸਦੀ ਪਟੀਸ਼ਨ ਵਿੱਚ ਸ਼ਮੂਲੀਅਤ ਕੀਤੀ, ਜਿਸ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ।
ਕੋਰੋਨਾ ਮਹਾਮਾਰੀ 'ਚ ਸ਼ੁਰੂਆਤੀ ਲਾਕਡਾਊਨ ਸਮੇਂ, ਜਦੋਂ 30,000 ਕੈਨੇਡੀਅਨ ਭਾਰਤ ਵਿੱਚ ਸਨ, ਸਰਹੱਦਾਂ ਬੰਦ ਹੋਣ ਅਤੇ ਫ਼ਲਾਈਟਾਂ ਰੱਦ ਹੋਣ ਕਾਰਨ ਫ਼ੈਡਰਲ ਸਰਕਾਰ ਨੇ ਮਜਬੂਰੀ ਵੱਸ 37 ਉਡਾਣਾਂ ਚਲਾਈਆਂ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਸਿੱਧੀਆਂ ਫ਼ਲਾਈਟਾਂ ਸੀ।
ਪੱਤਰ ਵਿੱਚ ਲਿਖਿਆ ਗਿਆ ਹੈ, “ਮਹਾਂਮਾਰੀ ਨੇ ਦਰਸਾਇਆ ਹੈ ਕਿ ਏਅਰਲਾਈਨਾਂ ਲਈ ਅੰਮ੍ਰਿਤਸਰ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਸੰਭਵ ਹਨ ਅਤੇ ਇਸ 'ਚ ਯਾਤਰੀਆਂ ਦੀ ਭਾਰੀ ਮੰਗ ਦੀ ਪ੍ਰਾਪਤੀ ਵੀ ਪੂਰੀ ਹੁੰਦੀ ਹੈ।
ਪ੍ਰਾਪਤ ਮੀਡੀਆ ਰਿਪੋਰਟਾਂ ਮੁਤਾਬਿਕ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਭਾਰਤੀ ਹਮਰੁਤਬਾ ਕੋਲ ਇਹ ਮੁੱਦਾ ਚੁੱਕਿਆ ਹੈ।
ਭਾਰਤ ਵਿੱਚ, ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਇੱਕ ਪੱਤਰ ਲਿਖ ਕੇ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਤੋਂ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ।