ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਜਿਹੇ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਉਪਾਅ ਕਰਨ ਦੇ ਹੁਕਮ ਦਿਤੇ
ਬੀਜਿੰਗ: ਪੂਰਬੀ ਚੀਨ ਦੇ ਜਿਆਂਗਸ਼ੀ ਸੂਬੇ ’ਚ ਬੁਧਵਾਰ ਨੂੰ ਇਕ ਇਮਾਰਤ ’ਚ ਅੱਗ ਲੱਗਣ ਨਾਲ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਮਾਰਤ ’ਚ ਅਜੇ ਵੀ ਕੁੱਝ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਅਧਿਕਾਰਤ ਮੀਡੀਆ ਨੇ ਇਹ ਜਾਣਕਾਰੀ ਦਿਤੀ।
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਸਥਾਨਕ ਫਾਇਰ ਐਮਰਜੈਂਸੀ ਹੈੱਡਕੁਆਰਟਰ ਦੇ ਹਵਾਲੇ ਨਾਲ ਦਸਿਆ ਕਿ ਸ਼ਿਨਯੂ ਸ਼ਹਿਰ ਵਿਚ ਇਕ ਦੁਕਾਨ ਵਿਚ ਅੱਗ ਲੱਗ ਗਈ। ਏਜੰਸੀ ਨੇ ਦਸਿਆ ਕਿ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਉਜ਼ ’ਚ ਇਮਾਰਤ ’ਚੋਂ ਸੰਘਣਾ ਧੂੰਆਂ ਨਿਕਲਦਾ ਦਿਸ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਮੌਕੇ ’ਤੇ ਮੌਜੂਦ ਹਨ। ਸੈਂਟਰਲ ਚਾਈਨਾ ਟੈਲੀਵਿਜ਼ਨ ਨੇ ਦਸਿਆ ਕਿ ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਵਿਚ ਇੰਟਰਨੈੱਟ ਕੈਫੇ ਅਤੇ ਸਿਖਲਾਈ ਸੰਸਥਾਵਾਂ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਜਿਹੇ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਉਪਾਅ ਕਰਨ ਦੇ ਹੁਕਮ ਦਿਤੇ ਹਨ।
ਇਮਾਰਤ ਦੀ ਉਸਾਰੀ ਅਤੇ ਸੁਰੱਖਿਆ ਮਾਪਦੰਡਾਂ ਨੂੰ ਲਾਗੂ ਕਰਨ ’ਚ ਢਿੱਲ ਕਾਰਨ ਚੀਨ ’ਚ ਅੱਗ ਲੱਗਣਾ ਆਮ ਗੱਲ ਹੈ। ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਚੀਨ ਦੇ ਹੇਨਾਨ ਸੂਬੇ ’ਚ ਇਕ ਸਕੂਲ ਦੇ ਹੋਸਟਲ ’ਚ ਅੱਗ ਲੱਗਣ ਨਾਲ 13 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ।
ਪਿਛਲੇ ਸਾਲ ਨਵੰਬਰ ’ਚ ਸ਼ਾਨਸੀ ਸੂਬੇ ’ਚ ਇਕ ਦਫਤਰ ’ਚ ਭਿਆਨਕ ਅੱਗ ਲੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਅਪ੍ਰੈਲ ’ਚ ਬੀਜਿੰਗ ਦੇ ਇਕ ਹਸਪਤਾਲ ’ਚ ਅੱਗ ਲੱਗਣ ਨਾਲ 29 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ’ਚ ਜ਼ਿਆਦਾਤਰ ਮਰੀਜ਼ ਸਨ।