
ਕਿਹਾ, ਲੇਖ ਤਾਂ ਹੀ ਪ੍ਰਕਾਸ਼ਿਤ ਕੀਤੇ ਜਾਣੇ ਚਾਹੀਦੇ ਹਨ ਜੇ ਇਸ ਵਿਚ ਮੰਦਰ ਦੀ ਉਸਾਰੀ ਦਾ ਸਮਰਥਨ ਕਰਨ ਵਾਲੇ ਲੋਕਾਂ ਦੇ ਸਾਰੇ ਤੱਥ ਅਤੇ ਬਿਆਨ ਹੋਣ
ਵਾਸ਼ਿੰਗਟਨ: ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ’ਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੀਆਂ ਬ੍ਰਾਂਚਾਂ ਨੇ ਮੰਗਲਵਾਰ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਦੀ ਪੱਖਪਾਤੀ ਕਵਰੇਜ ਨੂੰ ਲੈ ਕੇ ਪਛਮੀ ਮੀਡੀਆ ਅਤੇ ਅਪਣੇ-ਅਪਣੇ ਦੇਸ਼ਾਂ ਦੇ ਮੁੱਖ ਧਾਰਾ ਦੇ ਮੀਡੀਆ ਸੰਗਠਨਾਂ ਦੀ ਆਲੋਚਨਾ ਕੀਤੀ ਅਤੇ ਇਨ੍ਹਾਂ ਖਬਰਾਂ ਨੂੰ ਤੁਰਤ ਹਟਾਉਣ ਦੀ ਮੰਗ ਕੀਤੀ।
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਮਰੀਕੀ ਬ੍ਰਾਂਚ ਨੇ ਮੰਗ ਕੀਤੀ ਕਿ ਏ.ਬੀ.ਸੀ., ਬੀ.ਬੀ.ਸੀ., ਸੀ.ਐਨ.ਐਨ., ਐਮ.ਐਸ.ਐਨ.ਬੀ.ਸੀ. ਅਤੇ ਅਲ ਜਜ਼ੀਰਾ ਤੁਰਤ ਅਪਣੀਆਂ ਵੈੱਬਸਾਈਟਾਂ ਤੋਂ ਖ਼ਬਰਾਂ ਹਟਾ ਦੇਣ। ਜਾਰੀ ਬਿਆਨ ’ਚ ਕਿਹਾ ਗਿਆ, ‘‘ਅਸੀਂ ਉਨ੍ਹਾਂ ਨੂੰ ਝੂਠੀ ਜਾਣਕਾਰੀ ਫੈਲਾਉਣ ਕਾਰਨ ਹਿੰਦੂ ਭਾਈਚਾਰੇ ਨੂੰ ਹੋਈ ਪ੍ਰੇ਼ਸ਼ਾਨੀ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ ਦੀ ਵੀ ਅਪੀਲ ਕਰਦੇ ਹਾਂ।’’
ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਨੇ ਕਿਹਾ, ‘‘ਅਸੀਂ ਇਨ੍ਹਾਂ ਖ਼ਬਰ ਮੰਚਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਤਿਹਾਸਕ ਸੰਦਰਭ ਅਤੇ ਰਾਮ ਮੰਦਰ ਦੀ ਉਸਾਰੀ ਦਾ ਸਮਰਥਨ ਕਰਨ ਵਾਲੇ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਵਰਗੇ ਸਾਰੇ ਸੰਬੰਧਿਤ ਤੱਥਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਹੀ ਲੇਖਾਂ ਨੂੰ ਮੁੜ ਪ੍ਰਕਾਸ਼ਿਤ ਕਰਨ।’’ ਸੰਗਠਨ ਨੇ ਇਹ ਵੀ ਕਿਹਾ ਕਿ ਪੱਖਪਾਤੀ ਕਵਰੇਜ ਰਾਹੀਂ ਝੂਠੀਆਂ ਕਹਾਣੀਆਂ ਨਾ ਸਿਰਫ ਸਮਾਜ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਤ ਕਰਦੀਆਂ ਹਨ ਬਲਕਿ ਸ਼ਾਂਤੀ ਪਸੰਦ, ਮਿਹਨਤੀ ਅਤੇ ਯੋਗਦਾਨ ਪਾਉਣ ਵਾਲੇ ਹਿੰਦੂ ਅਮਰੀਕੀ ਭਾਈਚਾਰੇ ਲਈ ਵੀ ਖਤਰਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਗੈਰ-ਜ਼ਿੰਮੇਵਾਰਾਨਾ ਪੱਤਰਕਾਰੀ ਦੇ ਬਰਾਬਰ ਹਨ ਜਿਨ੍ਹਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਅਮਰੀਕਾ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਨੂੰ ਬਿਆਨ ਜਾਰੀ ਕੀਤੇ
ਇਸੇ ਤਰ੍ਹਾਂ ਦੇ ਬਿਆਨ ਵੀ.ਐਚ.ਪੀ. ਕੈਨੇਡਾ ਅਤੇ ਵੀ.ਐਚ.ਪੀ. ਆਸਟਰੇਲੀਆ ਨੇ ਵੀ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ’ਚ ਹਿੰਦੂ ਭਾਈਚਾਰਾ ਸ਼ਾਂਤੀ ਪਸੰਦ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਾਈਚਾਰਾ ਹੈ, ਜੋ ‘ਵਸੁਧੈਵ ਕੁਟੁੰਬਕਮ’ ਦੀਆਂ ਕਦਰਾਂ-ਕੀਮਤਾਂ ’ਚ ਵਿਸ਼ਵਾਸ ਰੱਖਦਾ ਹੈ।
ਉਨ੍ਹਾਂ ਕਿਹਾ, ‘‘ਅਜਿਹੀ ਗੁਮਰਾਹਕੁੰਨ ਅਤੇ ਤੱਥਾਂ ਦੇ ਆਧਾਰ ’ਤੇ ਗਲਤ ਪੱਤਰਕਾਰੀ ਦਾ ਉਦੇਸ਼ ਹਿੰਦੂ ਕੈਨੇਡੀਅਨ ਭਾਈਚਾਰੇ ਵਿਰੁਧ ਨਫ਼ਰਤ ਫੈਲਾਉਣਾ ਹੈ ਜਿਸ ਨਾਲ ਦੇਸ਼ ਵਿਚ ਹਿੰਦੂਆਂ ਪ੍ਰਤੀ ਨਫ਼ਰਤ ਵਧਣ ਅਤੇ ਸ਼ਾਂਤਮਈ ਕੈਨੇਡੀਅਨ ਸਮਾਜ ਵਿਚ ਅਸ਼ਾਂਤੀ ਪੈਦਾ ਹੋਣ ਦਾ ਖਤਰਾ ਹੈ।’’
ਇਸੇ ਤਰ੍ਹਾਂ ਦੇ ਬਿਆਨ ਵੀ.ਐਚ.ਪੀ. ਦੀ ਆਸਟਰੇਲੀਆ ਬ੍ਰਾਂਚ ਨੇ ਵੀ ਜਾਰੀ ਕੀਤੇ ਸਨ। ਬ੍ਰਾਂਚ ਨੇ ਕਿਹਾ, ‘‘ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਏ.ਬੀ.ਸੀ., ਐਸ.ਬੀ.ਐਸ. ਅਤੇ 9ਨਿਊਜ਼ ਨੇ ਅਵਨੀ ਡਾਇਸ, ਮੇਘਨਾ ਬਾਲੀ ਅਤੇ ਸੋਮ ਪਾਟੀਦਾਰ ਵਰਗੇ ਹਿੰਦੂ ਵਿਰੋਧੀਆਂ ਤੋਂ ਪੱਖਪਾਤੀ ਪ੍ਰਤੀਕਿਰਿਆਵਾਂ ਕਿਉਂ ਅਤੇ ਕਿਸ ਆਧਾਰ ’ਤੇ ਹਾਸਲ ਕੀਤੀਆਂ ਅਤੇ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ। ਅਸੀਂ ਨਹੀਂ ਮੰਨਦੇ ਕਿ ਇਨ੍ਹਾਂ ਤਿੰਨਾਂ ਸੰਸਥਾਵਾਂ ਨੂੰ ਕੋਈ ਅਜਿਹਾ ਰੀਪੋਰਟਰ ਨਹੀਂ ਮਿਲਿਆ ਹੋਵੇਗਾ ਜੋ ਨਿਰਪੱਖ ਅਤੇ ਤੱਥਾਂ ਵਾਲਾ ਨਜ਼ਰੀਆ ਪੇਸ਼ ਕਰ ਸਕੇ।’’
ਵੀ.ਐਚ.ਪੀ. ਆਸਟਰੇਲੀਆ ਨੇ ਹਿੰਦੂ ਭਾਈਚਾਰੇ ਤੋਂ ਏ.ਬੀ.ਸੀ., ਐਸ.ਬੀ.ਐਸ. ਅਤੇ 9ਨਿਊਜ਼ ਨੂੰ ਹਿੰਦੂਆਂ ਤੋਂ ਮਾਫ਼ੀ ਮੰਗਣ ਅਤੇ ਅਪਣੀ ਵੈੱਬਸਾਈਟ ਤੋਂ ਖ਼ਬਰਾਂ ਨੂੰ ਤੁਰਤ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੇਖ ਤਾਂ ਹੀ ਪ੍ਰਕਾਸ਼ਿਤ ਕੀਤੇ ਜਾਣੇ ਚਾਹੀਦੇ ਹਨ ਜੇ ਇਸ ਵਿਚ ਮੰਦਰ ਦੀ ਉਸਾਰੀ ਦਾ ਸਮਰਥਨ ਕਰਨ ਵਾਲੇ ਲੋਕਾਂ ਦੇ ਸਾਰੇ ਤੱਥ ਅਤੇ ਬਿਆਨ ਹੋਣ।