
ਨਿਯਮ ਤਹਿਤ 20 ਫ਼ਰਵਰੀ ਤੋਂ ਬਾਅਦ ਪੈਦਾ ਹੋਣ ਵਾਲੇ ਉਨ੍ਹਾਂ ਬੱਚਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲੇਗੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਲੀਆ ਫ਼ੈਸਲੇ ਨੇ ਗਰਭਵਤੀ ਔਰਤਾਂ ਨੂੰ ਚਿੰਤਾ ਵਿਚ ਪਾ ਦਿਤਾ ਹੈ। ਦਰਅਸਲ ਟਰੰਪ ਵਲੋਂ ਅਗਲੇ ਮਹੀਨੇ ਲਾਗੂ ਕੀਤੇ ਜਾਣ ਵਾਲੇ ਨਿਯਮ ਤਹਿਤ 20 ਫ਼ਰਵਰੀ ਤੋਂ ਬਾਅਦ ਪੈਦਾ ਹੋਣ ਵਾਲੇ ਉਨ੍ਹਾਂ ਬੱਚਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲੇਗੀ, ਜਿਨ੍ਹਾਂ ਦੇ ਮਾਪੇ ਅਮਰੀਕਾ ਦੇ ਨਾਗਰਿਕ ਜਾਂ ਗ੍ਰੀਨ ਕਾਰਡ ਧਾਰਕ ਨਹੀਂ ਹਨ।
ਇਸ ਫ਼ੈਸਲੇ ਨੇ ਭਾਰਤ, ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀਆਂ ਗਰਭਵਤੀ ਔਰਤਾਂ ਨੂੰ ਪ੍ਰੇਸ਼ਾਨ ਕਰ ਦਿਤਾ ਹੈ ਜੋ ਅਪਣੇ ਬੱਚਿਆਂ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦੀ ਉਮੀਦ ਕਰ ਰਹੀਆਂ ਸਨ। ਇਹੀ ਕਾਰਨ ਹੈ ਕਿ ਇਹ ਔਰਤਾਂ ਅਪਣੀ ਡਿਲੀਵਰੀ ਜਲਦੀ ਤੋਂ ਜਲਦੀ ਕਰਵਾਉਣ ਲਈ ਹਸਪਤਾਲਾਂ ਦਾ ਰੁਖ਼ ਕਰ ਰਹੀਆਂ ਹਨ। ਭਾਵੇਂ ਉਨ੍ਹਾਂ ਦੀ ਡਿਲੀਵਰੀ ਨੂੰ ਅਜੇ ਕੁੱਝ ਮਹੀਨੇ ਬਾਕੀ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ 20 ਫ਼ਰਵਰੀ ਤੋਂ ਪਹਿਲਾਂ ਡਿਲੀਵਰੀ ਦੀ ਉਮੀਦ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਦੇਖਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਭਾਰਤੀ ਹਨ, ਜੋ ਅਪਣੀ ਗਰਭ ਅਵਸਥਾ ਦੇ 8ਵੇਂ ਜਾਂ 9ਵੇਂ ਮਹੀਨੇ ਵਿਚ ਹਨ। ਨਿਊ ਜਰਸੀ ਦੇ ਡਾ. ਡੀ. ਰਾਮਾ ਦਾ ਕਹਿਣਾ ਹੈ ਕਿ ਹੁਣ ਔਰਤਾਂ ਸਮੇਂ ਤੋਂ ਪਹਿਲਾਂ ਸੀ-ਸੈਕਸ਼ਨ ਲਈ ਉਨ੍ਹਾਂ ਦੇ ਕਲੀਨਿਕ ਵਿਚ ਆ ਰਹੀਆਂ ਹਨ। ਇਕ ਔਰਤ, ਜਿਸ ਦੀ ਮਾਰਚ ਵਿਚ ਡਿਲੀਵਰੀ ਹੋਣੀ ਹੈ, ਅਪਣੇ ਪਤੀ ਨਾਲ ਆਈ ਅਤੇ ਜਲਦੀ ਡਿਲੀਵਰੀ ਕਰਾਉਣ ਦੀ ਮੰਗ ਕਰ ਰਹੀ ਸੀ।