
ਵਿਸਾਖੀ ਨੇੜੇ ਕਾਨੂੰਨੀ ਰੂਪ ਦਿੱਤੇ ਜਾਣ ਦੇ ਆਸਾਰ
ਲਾਹੌਰ : ਪਾਕਿਸਤਾਨ ਵਿਚ ਰਹਿੰਦੇ ਸਿੱਖ ਭਾਈਚਾਰੇ ਦੀ ਚਿਰੌਕਣੀ ਮੰਗ ਨੂੰ ਸਵੀਕਾਰ ਕਰਦਿਆਂ ਲਹਿੰਦੇ ਪੰਜਾਬ ਦੀ ਸਰਕਾਰ ਨੇ ਸਿੱਖ ਆਨੰਦ ਕਾਰਜ ਐਕਟ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਉਸਮਾਨ ਬੁਜਦਾਰ ਵੱਲੋਂ ਇਸ ਬਿੱਲ ਨੂੰ ਮਨਜੂਰੀ ਦਿੱਤੇ ਜਾਣ ਬਾਅਦ ਹੁਣ ਇਸ ਨੂੰ ਆਉਂਦੇ ਸਮੇਂ ਲਾਗੂ ਕਰ ਦਿੱਤਾ ਜਾਵੇਗਾ।
Anand Karj Act
ਖਬਰਾਂ ਮੁਤਾਬਕ ਇਸ ਬਿੱਲ ਨੂੰ ਛੇਤੀ ਹੀ ਲੀਂਗਲ ਕਮੇਟੀ ਵਿਚ ਵੋਟਿੰਗ ਰਾਹੀਂ ਪਾਸ ਕਰਵਾ ਕੇ ਭੇਜਿਆ ਜਾਵੇਗਾ। ਇਸ ਤੋਂ ਬਾਅਦ ਇਸ ਬਿੱਲ ਨੂੰ ਵਿਸਾਖੀ ਨੇੜੇ ਜਾ ਕੇ ਕਾਨੂੰਨੀ ਰੂਪ ਦਿੱਤਾ ਜਾਵੇਗਾ।
CM Usman Bujdar
ਮੁੱਖ ਮੰਤਰੀ ਉਸਮਾਨ ਬੁਜਦਾਰ ਨਾਲ ਹੋਈ ਇਕ ਮੀਟਿੰਗ ਦੌਰਾਨ ਐਮਪੀਏ ਦੇ ਪਾਰਲਮਾਨੀ ਸੈਕਟਰੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਵਿਚ ਸਾਲ 2018 ਵਿਚ ਆਨੰਦ ਕਾਰਜ ਬਿੱਲ ਪਾਸ ਕਰਵਾਇਆ ਗਿਆ ਸੀ। ਪਾਕਿਸਤਾਨ ਵਿਚ ਸਿੱਖ ਧਰਮ ਨੂੰ ਵੱਖਰੇ ਮਜ੍ਹਬ ਦੀ ਮਾਨਤਾ ਦੇ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਿੱਖ ਆਨੰਦ ਕਾਰਜ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਸੀ।
Anand Karj Act
ਜਾਣਕਾਰੀ ਮੁਤਾਬਕ ਉਸ ਬਿੱਲ ਵਿਚ ਕੁੱਝ ਖਾਮੀਆਂ ਸਨ, ਜਿਸ ਕਾਰਨ ਇਹ ਬਿੱਲ ਅਮਲ ਵਿਚ ਨਹੀਂ ਸੀ ਲਿਆਂਦਾ ਜਾ ਸਕਿਆ। ਇਸ ਬਿੱਲ ਦੇ ਖਰੜੇ ਵਿਚ ਸੋਧ ਦੀ ਸਾਰੀ ਕਾਰਵਾਈ ਮੁਕੰਮਲ ਕਰਨੀ ਪਈ ਹੈ।
ਬਿੱਲ ਨਾਲ ਸਬੰਧਤ ਨਿਯਮਾਂ ਬਾਰੇ ਕੈਬਨਿਟ ਤੋਂ ਮਨਜ਼ੂਰੀ ਮਿਲਣ ਉਪਰੰਤ ਜਲਦ ਹੀ ਇਸ ਨੂੰ ਕਾਨੂੰਨ ਨਾਲ ਸਬੰਧਤ ਕਮੇਟੀ ਕੋਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਵੋਟਿੰਗ ਦੇ ਆਧਾਰ 'ਤੇ ਇਸ ਬਿੱਲ ਨੂੰ ਪਾਸ ਕਰ ਦਿਤਾ ਜਾਵੇਗਾ।