
ਦੋਵੇਂ ਆਗੂ ਅੱਜ 24 ਫ਼ਰਵਰੀ ਨੂੰ ਯੂਰਪ ਵਿਚ ਮੁਲਾਕਾਤ ਕਰਨ ਵਾਲੇ ਸਨ
ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੀਤੇ ਦਿਨ ਅਪਣੇ ਰੂਸੀ ਹਮਰੁਤਬਾ ਨਾਲ ਹੋਣ ਵਾਲੀ ਬੈਠਕ ਰੱਦ ਕਰਦੇ ਹੋਏ ਕਿਹਾ ਕਿ ਰੂਸ ਨੇ ਯੂਕਰੇਨ ’ਤੇ ਹਮਲਾ ਸ਼ੁਰੂ ਕਰ ਦਿਤਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਫ਼ਾਗੀ ਬਾਟਮ ਮੁੱਖ ਦਫ਼ਤਰ ਵਿਚ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨਾਲ ਇਕ ਸਾਂਝੀ ਪੱਤਰਕਾਰ ਵਾਰਤਾ ਵਿਚ ਬਲਿੰਕਨ ਨੇ ਕਿਹਾ ਕਿ ਦੁਨੀਆਂ ਨੂੰ ਰੂਸ ਨੂੰ ਉਨ੍ਹਾਂ ਅਪਰਾਧਾਂ ਲਈ ਸਜ਼ਾ ਦੇਣ ਲਈ ਅਪਣੀ ਪੂਰੀ ਆਰਥਕ ਸ਼ਕਤੀ ਨਾਲ ਜਵਾਬ ਦੇਣਾ ਚਾਹੀਦਾ ਹੈ, ਜੋ ਉਸ ਨੇ ਪਹਿਲਾਂ ਹੀ ਕੀਤੇ ਹੋਏ ਹਨ ਜਾਂ ਜਿਨ੍ਹਾਂ ਨੂੰ ਕਰਨ ਦੀ ਉਹ ਯੋਜਨਾ ਬਣਾ ਰਿਹਾ ਹੈ।
Russian President Vladimir Putin
ਉਨ੍ਹਾਂ ਕਿਹਾ,‘‘ਰੂਸ ਦੇ ਅਰਥਚਾਰੇ ’ਤੇ ਤਿੱਖਾ ਹਮਲਾ ਕਰੋ।’’ ਬਲਿੰਕਨ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਯੂਕਰੇਨ ’ਤੇ ਹੋਰ ਜ਼ਿਆਦਾ ਰੂਸੀ ਹਮਲੇ ਜੋ ਹੁਣ ਸ਼ੁਰੂ ਹੋ ਗਏ ਹਨ, ਇਸ ਦਾ ਸਪੱਸ਼ਟ ਅਰਥ ਹੈ ਕਿ ਕੂਟਨੀਤੀ ਨੂੰ ਅੱਗੇ ਵਧਾਉਣ ਲਈ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਇਸ ਹਫ਼ਤੇ ਬੈਠਕ ਕਰਨ ਦਾ ਕੋਈ ਮਤਲਬ ਨਹੀਂ ਹੈ। ਦੋਵੇਂ ਆਗੂ ਅੱਜ 24 ਫ਼ਰਵਰੀ ਨੂੰ ਯੂਰਪ ਵਿਚ ਮੁਲਾਕਾਤ ਕਰਨ ਵਾਲੇ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਅਮਰੀਕਾ ਨੇ ਹਮੇਸ਼ਾਂ ਕਿਹਾ ਹੈ ਕਿ ਉਹ ਯੂਕਰੇਨ ’ਤੇ ਹਮਲੇ ਰੋਕਣ ਅਤੇ ਚੀਜ਼ਾਂ ਮਾੜੀ ਸਥਿਤੀ ਵਿਚ ਪਹੁੰਚਣ ਤੋਂ ਰੋਕਣ ਲਈ ਕੁੱਝ ਵੀ ਕਰੇਗਾ।
Antony blinken
ਬਲਿੰਕਨ ਨੇ ਦੋਸ਼ ਲਗਾਇਆ ਕਿ ਪੁਤਿਨ ਨੇ ਯੂਕਰੇਨ ’ਤੇ ਹਮਲਾ ਕਰਨ, ਯੂਕਰੇਨ ਅਤੇ ਉਸ ਦੇ ਲੋਕਾਂ ਨੂੰ ਕਾਬੂ ਕਰਨ, ਯੂਕਰੇਨ ਦੇ ਲੋਕਤੰਤਰ ਨੂੰ ਨਸ਼ਟ ਕਰਨ ਦੀ ਯੋਜਨਾ ਬਣਾਈ ਹੈ, ਜੋ ਯੂਕਰੇਨ ਨੂੰ ਰੂਸ ਦੇ ਹਿੱਸੇ ਦੇ ਰੂਪ ਵਿਚ ਮੁੜ ਪ੍ਰਾਪਤ ਕਰਨ ਦਾ ਯਤਨ ਪ੍ਰਤੀਤ ਹੁੰਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਯੂਕਰੇਨ ਦੇ ‘ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ’ ਨੂੰ ‘ਆਜ਼ਾਦ’ ਦੇਜ਼ ਵਜੋਂ ਮਾਨਤਾ ਦੇਣ ਵਾਲੇ ਫ਼ੈਸਲੇ ’ਤੇ ਹਸਤਾਖਰ ਕੀਤੇ। ਇਸ ਨੂੰ ਰੂਸ ਵਲੋਂ ਯੂਕਰੇਨ ’ਤੇ ਹਮਲੇ ਦੀ ਸ਼ੁਰੂਆਤ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਦੁਨੀਆਂ ਭਰ ਦੇ ਕਈ ਪ੍ਰਮੁਖ ਦੇਸ਼ਾਂ ਵਲੋਂ ਰੂਸ ’ਤੇ ਪਾਬੰਦੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਅਮਰੀਕਾ, ਬ੍ਰਿਟੇਨ, ਜਰਮਨੀ, ਕੈਨੇਡਾ, ਆਸਟ੍ਰੇਲੀਆ, ਜਪਾਨ ਵੀ ਸ਼ਾਮਲ ਹਨ।