
ਕਿਹਾ : ਇਸ ਆਲਮੀ ਸੰਸਥਾ ਵਿਚ ਭਾਰਤ ਦੀ ਵੱਡੀ ਭੂਮਿਕਾ
ਮੁੰਬਈ: ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਢਾਂਚੇ 'ਤੇ ਮੁੜ ਵਿਚਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਸ ਗਲੋਬਲ ਸੰਸਥਾ ਵਿਚ ਭਾਰਤ ਦੀ ਵੱਡੀ ਭੂਮਿਕਾ ਦਾ ਸਮਰਥਨ ਕੀਤਾ।
ਟਰੱਸ ਨੇ 'ਆਈਡੀਆਜ਼ ਆਫ਼ ਇੰਡੀਆ ਕਾਨਫਰੰਸ' ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਯੂਕਰੇਨ ਦੇ ਉੱਤਰੀ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਫ਼ੌਜੀ ਸੰਸਥਾ ਨਾਰਥ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਮਾਹਵਾਰੀ ਦੌਰਾਨ ਛੁੱਟੀ ਦੀ ਮੰਗ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਸੁਪ੍ਰੀਮ ਕੋਰਟ ਦਾ ਇਨਕਾਰ
ਉਨ੍ਹਾਂ ਕਿਹਾ, “ਸਾਨੂੰ ਆਜ਼ਾਦੀ ਅਤੇ ਲੋਕਤੰਤਰ ਬਾਰੇ ਵੀ ਅੱਗੇ ਰਹਿਣ ਦੀ ਲੋੜ ਹੈ। ਚੀਨ ਅਤੇ ਰੂਸ ਵਰਗੇ ਸਾਡੇ ਵਿਰੋਧੀ ਆਪਣੇ ਆਰਥਿਕ ਮਾਡਲਾਂ ਨੂੰ ਅੱਗੇ ਵਧਾਉਣ ਵਿੱਚ ਬਹੁਤ ਚੰਗੇ ਹਨ। ਉਹ ਗਲਤ ਜਾਣਕਾਰੀ ਅਤੇ ਤਕਨਾਲੋਜੀ ਦੀ ਵਰਤੋਂ ਕਰ ਕੇ ਦੁਨੀਆ ਨਾਲ ਸੰਚਾਰ ਦੇ ਸਾਰੇ ਤਰੀਕੇ ਅਪਣਾਉਂਦੇ ਹਨ।
ਲਿਜ਼ ਟਰੱਸ ਨੇ ਕਿਹਾ, "ਉਹ ਲੋਕਾਂ ਦੇ ਸੋਚਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਨ ਲਈ ਆਰਥਿਕ ਜ਼ਬਰਦਸਤੀ ਦੀ ਸ਼ਕਤੀ ਦੀ ਵਰਤੋਂ ਵੀ ਕਰਦੇ ਹਨ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ 'ਚ ਭਾਰਤ ਦੀ ਆਵਾਜ਼ 'ਬਹੁਤ ਹੀ ਮਹੱਤਵਪੂਰਨ' ਹੋਣ ਜਾ ਰਹੀ ਹੈ।''
ਟਰੱਸ ਨੇ ਕਿਹਾ ਕਿ ਉਹ ਭਾਰਤ ਵਰਗੇ ਸਹਿਯੋਗੀ ਦੇਸ਼ਾਂ ਨਾਲ ਵਧੇਰੇ ਵਪਾਰ ਕਰਨ ਦੀ ਵੱਡੀ ਸਮਰਥਕ ਹੈ। ਉਨ੍ਹਾਂ ਅੱਗੇ ਕਿਹਾ, "ਜਦੋਂ ਮੈਂ ਵਪਾਰ ਮੰਤਰੀ ਸੀ, ਮੈਂ ਭਾਰਤ ਨਾਲ ਮੁਕਤ ਵਪਾਰ ਗੱਲਬਾਤ ਸ਼ੁਰੂ ਕੀਤੀ ਸੀ। ਮੈਂ ਇਹ ਵੀ ਦੇਖਣਾ ਚਾਹੁੰਦੀ ਹਾਂ ਕਿ ਅਸੀਂ ਇੱਕ ਸੋਚ ਵਾਲੇ ਦੇਸ਼ਾਂ ਨਾਲ ਮਿਲ ਕੇ ਕੰਮ ਕਰੀਏ। ਮੈਂ ਇਸ ਨੂੰ ਅਕਸਰ ਆਰਥਿਕ ਨਾਟੋ ਕਹਿੰਦਾ ਹਾਂ।''