
ਇਕ ਦਿਨ ਪਹਿਲਾਂ ਇਜ਼ਰਾਈਲ ਦੇ ਕੱਟੜ-ਸੱਜੇ ਪੱਖੀ ਵਿੱਤ ਮੰਤਰੀ ਬੇਲੇਲ ਸਟੋਰੋਟਿਚ ਨੇ ਇਨ੍ਹਾਂ ਬਸਤੀਆਂ ਵਿਚ 3,000 ਤੋਂ ਵੱਧ ਘਰ ਬਣਾਉਣ ਦਾ ਸੰਕੇਤ ਦਿਤਾ ਸੀ
ਚਾਰਲਸਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਵੈਸਟ ਬੈਂਕ ’ਚ ਇਜ਼ਰਾਈਲ ਦੀਆਂ ਨਵੀਆਂ ਬਸਤੀਆਂ ਗੈਰ-ਕਾਨੂੰਨੀ ਹਨ ਅਤੇ ਕੌਮਾਂਤਰੀ ਕਾਨੂੰਨ ਦੇ ਅਨੁਕੂਲ ਨਹੀਂ ਹਨ।
ਬਲਿੰਕਨ ਦਾ ਇਹ ਬਿਆਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਅਪਣਾਏ ਗਏ ਅਮਰੀਕੀ ਰੁਖ ਦੇ ਉਲਟ ਹੈ। ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ’ਚ ਵਿਦੇਸ਼ ਮੰਤਰੀ ਡਾਇਨਾ ਮੋਂਡੀਨੋ ਨਾਲ ਸਾਂਝੇ ਪੱਤਰਕਾਰ ਸੰਮੇਲਨ ’ਚ ਬਲਿੰਕਨ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਬਸਤੀਆਂ ਵਧਾਉਣ ਦੀ ਨਵੀਂ ਯੋਜਨਾ ਤੋਂ ਨਿਰਾਸ਼ ਹਨ।
ਬਲਿੰਕਨ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਅਸੀਂ ਖ਼ਬਰਾਂ ਦੇਖੀਆਂ ਹਨ ਅਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਸ ਐਲਾਨ ਤੋਂ ਨਿਰਾਸ਼ ਹਾਂ। ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪ੍ਰਸ਼ਾਸਨ ਦੇ ਅਧੀਨ, ਇਹ ਲੰਮੇ ਸਮੇਂ ਤੋਂ ਅਮਰੀਕਾ ਦੀ ਨੀਤੀ ਰਹੀ ਹੈ ਕਿ ਨਵੀਆਂ ਬਸਤੀਆਂ ਸਥਾਈ ਸ਼ਾਂਤੀ ਲਈ ਨੁਕਸਾਨਦੇਹ ਹਨ। ਇਸ ਤੋਂ ਇਲਾਵਾ, ਉਹ ਕੌਮਾਂਤਰੀ ਕਾਨੂੰਨ ਦੇ ਅਨੁਸਾਰ ਨਹੀਂ ਹਨ। ਸਾਡਾ ਪ੍ਰਸ਼ਾਸਨ ਬਸਤੀਆਂ ਦੇ ਵਿਸਥਾਰ ਦਾ ਸਖਤ ਵਿਰੋਧ ਕਰਦਾ ਰਿਹਾ ਹੈ। ਅਤੇ ਅਸੀਂ ਸੋਚਦੇ ਹਾਂ ਕਿ ਇਸ ਨਾਲ ਇਜ਼ਰਾਈਲ ਦੀ ਸੁਰੱਖਿਆ ਕਮਜ਼ੋਰ ਹੋਵੇਗੀ, ਮਜ਼ਬੂਤ ਨਹੀਂ ਹੋਵੇਗੀ।’’
ਇਸ ਤੋਂ ਇਕ ਦਿਨ ਪਹਿਲਾਂ ਇਜ਼ਰਾਈਲ ਦੇ ਕੱਟੜ-ਸੱਜੇ ਪੱਖੀ ਵਿੱਤ ਮੰਤਰੀ ਬੇਲੇਲ ਸਟੋਰੋਟਿਚ ਨੇ ਇਨ੍ਹਾਂ ਬਸਤੀਆਂ ਵਿਚ 3,000 ਤੋਂ ਵੱਧ ਘਰ ਬਣਾਉਣ ਦਾ ਸੰਕੇਤ ਦਿਤਾ ਸੀ। ਬਲਿੰਕਨ ਦਾ ਇਹ ਬਿਆਨ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦੇ ਰੁਖ ਦੇ ਉਲਟ ਹੈ। ਬਾਈਡਨ ਪ੍ਰਸ਼ਾਸਨ ਦਾ ਇਹ ਰੁਖ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਜ਼ਰਾਈਲ ਪੱਖੀ ਨੀਤੀਆਂ ਤੋਂ ਵੀ ਵੱਖਰਾ ਹੈ।
ਸਾਲ 2019 ’ਚ ਤਤਕਾਲੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਾਅਵਾ ਕੀਤਾ ਸੀ ਕਿ ਪਛਮੀ ਕੰਢੇ ’ਚ ਇਜ਼ਰਾਇਲੀ ਨਾਗਰਿਕ ਬਸਤੀਆਂ ਦੀ ਸਥਾਪਨਾ ਕੌਮਾਂਤਰੀ ਕਾਨੂੰਨ ਦੇ ਵਿਰੁਧ ਨਹੀਂ ਹੈ। ਇਹ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਕਿ ਬਲਿੰਕਨ ਨੇ ਪੋਂਪੀਓ ਦੇ ਫੈਸਲੇ ਨੂੰ ਬਦਲਣ ਲਈ ਇਹ ਸਮਾਂ ਕਿਉਂ ਚੁਣਿਆ ਜਦੋਂ ਉਹ ਤਿੰਨ ਸਾਲ ਤੋਂ ਵੱਧ ਸੇਵਾ ਕਰ ਚੁਕੇ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਗਾਜ਼ਾ ਵਿਚ ਚੱਲ ਰਹੇ ਜੰਗ ਨੂੰ ਲੈ ਕੇ ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ, ਕੌਮਾਂਤਰੀ ਅਦਾਲਤ, ਇਜ਼ਰਾਈਲੀ ਕਬਜ਼ੇ ਦੇ ਜਾਇਜ਼ ਹੋਣ ਬਾਰੇ ਇਕ ਕੇਸ ਦੀ ਸੁਣਵਾਈ ਕਰ ਰਹੀ ਹੈ।
ਇਜ਼ਰਾਈਲ-ਹਮਾਸ ਜੰਗ ਖਤਮ ਹੋਣ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਗਾਜ਼ਾ ਦੇ ਭਵਿੱਖ ਲਈ ਯੋਜਨਾਵਾਂ ਬਾਰੇ ਪੁੱਛੇ ਜਾਣ ’ਤੇ ਬਲਿੰਕਨ ਨੇ ਕਿਹਾ ਕਿ ਗਾਜ਼ਾ ’ਤੇ ਦੁਬਾਰਾ ਇਜ਼ਰਾਈਲ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਗਾਜ਼ਾ ਦਾ ਆਕਾਰ ਘੱਟ ਨਹੀਂ ਹੋਣਾ ਚਾਹੀਦਾ। ਇਸ ਲਈ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੋ ਵੀ ਯੋਜਨਾ ਸਾਹਮਣੇ ਆਉਂਦੀ ਹੈ ਉਹ ਨਿਰਧਾਰਤ ਸਿਧਾਂਤਾਂ ਦੇ ਅਨੁਸਾਰ ਹੋਵੇ।