
ਪਾਕਿਸਤਾਨ ਦੇ ਸਿੰਧ ਸੂਬੇ ਵਿਚ ਦੋ ਨਾਬਾਲਗ ਹਿੰਦੂ ਭੈਣਾਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਨ੍ਹਾਂ ਨੂੰ ਇਸਲਾਮ ਸਵੀਕਾਰ ਕਰਵਾਇਆ
ਕਰਾਚੀ- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਦੋ ਨਾਬਾਲਗ ਹਿੰਦੂ ਭੈਣਾਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਨ੍ਹਾਂ ਨੂੰ ਇਸਲਾਮ ਸਵੀਕਾਰ ਕਰਵਾਉਣ ਅਤੇ ਫਿਰ ਉਨ੍ਹਾਂ ਦਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਘੱਟ ਗਿਣਤੀ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤਾ। ਹੋਲੀ ਦੀ ਸ਼ਾਮ ਨੂੰ 12 ਸਾਲ ਦੀ ਰਵੀਨਾ ਅਤੇ 15 ਸਾਲ ਦੀ ਰੀਨਾ ਨੂੰ ‘ਪ੍ਰਭਾਵਸ਼ਾਲੀ’ ਲੋਕਾਂ ਦੇ ਇਕ ਸਮੂਹ ਨੇ ਘੋਟੀ ਜ਼ਿਲ੍ਹੇ ਸਥਿਤ ਉਨ੍ਹਾਂ ਦੇ ਘਰ ਤੋਂ ਅਗਵਾ ਕਰ ਲਿਆ ਸੀ।
ਅਗਵਾਹ ਕਰਨ ਦੇ ਬਾਅਦ ਹੀ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਮੌਲਵੀ ਦੋਵੇਂ ਲੜਕੀਆਂ ਦਾ ਨਿਕਾਹ ਕਰਵਾਉਂਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਇਕ ਹੋਰ ਵੀਡੀਓ ਸਾਹਮਣੇ ਆਈ, ਜਿਸ ਵਿਚ ਲੜਕੀਆਂ ਇਸਲਾਮ ਅਪਣਾਉਣ ਦਾ ਦਾਅਵਾ ਕਰਦੀਆਂ ਕਹਿ ਰਹੀਆਂ ਹਨ ਕਿ ਉਨ੍ਹਾਂ ਨਾਲ ਕਿਸੇ ਨੇ ਜਬਰਦਸਤੀ ਨਹੀਂ ਕੀਤੀ।
Sushma Swaraj Tweet
ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਨੇ ਘਟਨਾ ਦੇ ਖਿਲਾਫ਼ ਵੱਡੇ ਪੱਧਰ ਉਤੇ ਪ੍ਰਦਰਸ਼ਨ ਕਰਕੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ਦੇ ਘੱਟ ਗਿਣਤੀਆਂ ਨਾਲ ਕੀਤੇ ਗਏ ਵਾਅਦੇ ਵੀ ਯਾਦ ਕਰਵਾਏ। ਪਾਕਿਸਤਾਨ ਹਿੰਦੂ ਸੇਵਾ ਵੈਲਫੇਅਰ ਟਰੱਸਟ ਦੇ ਪ੍ਰਧਾਨ ਸੰਜੇ ਧਨਜਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਪਾਕਿਸਤਾਨ ਵਿਚ ਸਾਰੇ ਘੱਟ ਗਿਣਤੀ ਅਸਲ ਵਿਚ ਸੁਰੱਖਿਅਤ ਹਨ, ਇਹ ਸਾਬਤ ਕਰਨ ਦੀ ਮੰਗ ਕੀਤੀ।
ਇਸ ਮਾਮਲੇ 'ਤੇ ਗੰਭੀਰਤਾ ਦਿਖਾਉਂਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਵਿਚ ਭਾਰਤੀ ਰਾਜਦੂਤ ਕੋਲੋਂ ਜਾਣਕਾਰੀ ਮੰਗੀ ਹੈ। ਸੁਸ਼ਮਾ ਨੇ ਇਕ ਟਵੀਟ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿਤੀ ਹੈ ਕਿ ਇਸ ਦੇ ਨਾਲ ਹੀ ਭਾਰਤ ਵਿਚ ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਮਾਰਕੰਡੇ ਕਾਟਜੂ ਨੇ ਵੀ ਟਵੀਟ ਕਰਕੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆ ਇਸ ਵਾਰਦਾਤ ਨੂੰ ਬੇਹੱਦ ਸ਼ਰਮਨਾਕ ਕਰਾਰ ਦਿਤਾ ਹੈ। ਉਨ੍ਹਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਪੁੱਛਿਆ ''ਤੁਹਾਡਾ ਨਵਾਂ ਪਾਕਿਸਤਾਨ ਕਿੱਥੇ ਹੈ?
Markandey Katju Tweet
ਜਸਟਿਸ ਕਾਟਜੂ ਦੇ ਬਿਆਨ 'ਤੇ ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਪ੍ਰਤੀਕਿਰਿਆ ਦਿੰਦਿਆਂ ਅਪਣੇ ਜਵਾਬੀ ਟਵੀਟ ਵਿਚ ਲਿਖਿਆ ਸਰਕਾਰ ਨੇ ਇਸ ਮਾਮਲੇ 'ਤੇ ਐਕਸ਼ਨ ਲੈਂਦਿਆਂ ਜਾਂਚ ਲਈ ਕਹਿ ਦਿਤਾ ਹੈ, ਬਾਕੀ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਇਸ ਨੂੰ ਮੋਦੀ ਦਾ ਭਾਰਤ ਨਹੀਂ ਬਣਨ ਦੇਵਾਂਗੇ। ਫਿਲਹਾਲ ਹਿੰਦੂ ਲੜਕੀਆਂ ਦੇ ਜ਼ਬਰੀ ਧਰਮ ਤਬਦੀਲੀ ਦਾ ਇਹ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ, ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਸਰਕਾਰ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੀ ਹੈ।