
FIR against Mehrang Baloch: ਮਹਿਰੰਗ ਸਮੇਤ 150 ਲੋਕਾਂ ਵਿਰੁਧ ਮੁਰਦਾਘਰ ’ਚੋਂ ਲਾਸ਼ਾਂ ਲਿਜਾਣ ਤੇ ਹਿੰਸਾ ਭੜਕਾਉਣ ’ਤੇ ਹੋਈ ਐਫ਼ਆਈਆਰ
FIR against Mehrang Baloch: ਪਾਕਿਸਤਾਨ ਦੀ ਪੁਲਿਸ ਨੇ ਬਲੋਚ ਯਾਕਜੇਹਤੀ ਕਮੇਟੀ (ਬੀਵਾਈਸੀ) ਦੀ ਮੁੱਖ ਪ੍ਰਬੰਧਕ ਮਹਿਰੰਗ ਬਲੋਚ ਅਤੇ 150 ਹੋਰਾਂ ਵਿਰੁੱਧ ਲਾਸ਼ਾਂ ਨੂੰ ਮੁਰਦਾਘਰ ਵਿੱਚੋਂ ਜ਼ਬਰਦਸਤੀ ਹਟਾਉਣ, ਹਿੰਸਾ ਭੜਕਾਉਣ ਅਤੇ ਹੋਰ ਕਥਿਤ ਅਪਰਾਧਾਂ ਲਈ ਐਫ਼ਆਈਆਰ ਦਰਜ ਕੀਤੀ ਹੈ। ਇਹ ਮਾਮਲਾ ਸਿਵਲ ਹਸਪਤਾਲ ਕਵੇਟਾ ਦੀ ਇੱਕ ਘਟਨਾ ਨਾਲ ਸਬੰਧਤ ਹੈ, ਜਿੱਥੇ ਬੀਵਾਈਸੀ ਮੈਂਬਰਾਂ ਨੇ ਕਥਿਤ ਤੌਰ ’ਤੇ ਮੁਰਦਾਘਰ ਵਿੱਚ ਧਾਵਾ ਬੋਲਿਆ ਅਤੇ ਜਾਫਰ ਰੇਲ ਹਾਦਸੇ ਦੌਰਾਨ ਮਾਰੇ ਗਏ ਪੰਜ ਲੋਕਾਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਲੈ ਗਏ।
22 ਮਾਰਚ ਨੂੰ ਸਰਿਆਬ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫ਼ਆਈਆਰ ਵਿੱਚ ਅਤਿਵਾਦ ਵਿਰੋਧੀ ਐਕਟ (ਏਟੀਏ) ਅਤੇ ਪਾਕਿਸਤਾਨ ਪੀਨਲ ਕੋਡ (ਪੀਪੀਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਸ਼ਾਮਲ ਹਨ।ਐਫ਼ਆਈਆਰ ਵਿੱਚ ਕਈ ਹੋਰ ਪ੍ਰਮੁੱਖ ਬੀਵਾਈਸੀ ਨੇਤਾਵਾਂ ਦੇ ਨਾਮ ਵੀ ਹਨ, ਜਿਨ੍ਹਾਂ ਵਿੱਚ ਬੀਬੋ ਬਲੋਚ, ਗੁਲਜ਼ਾਦੀ ਸਤਕਜ਼ਈ, ਸਬੀਹਾ ਬਲੋਚ, ਸਬਤੁੱਲਾ ਬਲੋਚ, ਗੁਲਜ਼ਾਰ ਦੋਸਤ, ਰਿਆਜ਼ ਗਸ਼ਕੋਰੀ ਅਤੇ ਸ਼ਾਲੀ ਬਲੋਚ ਸ਼ਾਮਲ ਹਨ।
ਰਿਪੋਰਟ ਅਨੁਸਾਰ, ਪਾਕਿਸਤਾਨੀ ਅਧਿਕਾਰੀਆਂ ਨੇ ਸਨਿਚਰਵਾਰ ਸਵੇਰੇ ਮਹਿਰੰਗ ਬਲੋਚ ਅਤੇ 17 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨੂੰ ਜਨਤਕ ਵਿਵਸਥਾ (ਐਮਪੀਓ) ਆਰਡੀਨੈਂਸ ਦੀ ਧਾਰਾ 3 ਦੇ ਤਹਿਤ ਕਵੇਟਾ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਕਰ ਦਿੱਤਾ। ਐਫ਼ਆਈਆਰ ਅਨੁਸਾਰ, ਬੀਵਾਈਸੀ ਲੀਡਰਸ਼ਿਪ ਨੇ ਕਥਿਤ ਤੌਰ ’ਤੇ ਦੰਗਾਕਾਰੀਆਂ ਨੂੰ ਪੁਲਿਸ ਅਧਿਕਾਰੀਆਂ, ਰਾਹਗੀਰਾਂ ਅਤੇ ਆਪਣੇ ਹੀ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕਰਨ ਲਈ ਉਕਸਾਇਆ, ਜਿਸ ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ।
ਰਿਪੋਰਟ ਮੁਤਾਬਕ, ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਦਰਜ ਇੱਕ ਹੋਰ ਐਫ਼ਆਈਆਰ ਵਿੱਚ 100 ਤੋਂ 150 ਬੀਵਾਈਸੀ ਸਮਰਥਕਾਂ ’ਤੇ ਸਿਵਲ ਹਸਪਤਾਲ ਵਿੱਚ ਧਾਵਾ ਬੋਲਣ, ਮੁਰਦਾਘਰ ਵਿੱਚ ਭੰਨਤੋੜ ਕਰਨ ਅਤੇ ਲਾਸ਼ਾਂ ਨੂੰ ਜ਼ਬਰਦਸਤੀ ਲਿਜਾਣ ਦਾ ਦੋਸ਼ ਲਗਾਇਆ ਗਿਆ ਹੈ। ਐਫ਼ਆਈਆਰ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਹਾਕੀ ਚੌਕ ’ਤੇ ਇੱਕ ਨਿੱਜੀ ਐਂਬੂਲੈਂਸ ਨੂੰ ਵੀ ਰੋਕਿਆ, ਡਰਾਈਵਰ ’ਤੇ ਹਮਲਾ ਕੀਤਾ ਅਤੇ ਲਾਸ਼ਾਂ ਨੂੰ ਗੱਡੀ ਵਿੱਚ ਲੱਦਿਆ।
ਸਨਿਚਰਵਾਰ ਨੂੰ ਕਵੇਟਾ ਵਿੱਚ ਪੱਛਮੀ ਬਾਈਪਾਸ ਰੋਡ ਨੂੰ ਜਾਮ ਕਰਨ, ਰਾਜ ਵਿਰੋਧੀ ਨਾਹਰੇ ਲਗਾਉਣ ਅਤੇ ਜਨਤਕ ਅਸ਼ਾਂਤੀ ਭੜਕਾਉਣ ਦੇ ਦੋਸ਼ ਵਿੱਚ ਬੀਵਾਈਸੀ ਆਗੂਆਂ ਗੁਲਜ਼ਾਦੀ ਬਲੋਚ, ਅਲੀ ਜਾਨ, ਸ਼ੋਏਬ, ਸਈਦ ਨੂਰ ਸ਼ਾਹ, ਵਹੀਦ, ਜਹਾਂਜ਼ੇਬ, ਜ਼ੋਹੈਬ ਬਲੋਚ ਅਤੇ 100 ਤੋਂ ਵੱਧ ਹੋਰਾਂ ਵਿਰੁੱਧ ਬਰੂਅਰੀ ਪੁਲਿਸ ਸਟੇਸ਼ਨ ਵਿੱਚ ਤੀਜੀ ਐਫ਼ਆਈਆਰ ਦਰਜ ਕੀਤੀ ਗਈ।
ਇਸ ਦੌਰਾਨ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਕਵੇਟਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਮੁਅੱਤਲ ਰਹੀਆਂ। ਭਾਵੇਂ ਪੀਟੀਸੀਐਲ ਦੇ ਅਧਿਕਾਰੀਆਂ ਨੇ ਐਤਵਾਰ ਦੇਰ ਸ਼ਾਮ ਦਾਅਵਾ ਕੀਤਾ ਕਿ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ, ਪਰ ਉਪਭੋਗਤਾਵਾਂ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
(For more news apart from Mehrang baloch Latest News, stay tuned to Rozana Spokesman)