
ਬਾਈਡਨ ਨੇ ਕਿਹਾ ਕਿ ਉਹ ਬੁਧਵਾਰ ਨੂੰ ਇਸ ’ਤੇ ਦਸਤਖਤ ਕਰਨਗੇ।
TikTok ban News: ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਇਕ ਬਿਲ ਪਾਸ ਕੀਤਾ, ਜਿਸ ’ਚ ਪਾਬੰਦੀਆਂ ਲਗਾਉਣ ਦੀ ਧਮਕੀ ਦੇ ਨਾਲ ਟਿਕਟਾਕ ਦੀ ਵਿਕਰੀ ਲਈ ਉਸ ਦੀ ਮਲਕੀਅਤ ਰੱਖਣ ਵਾਲੀ ਚੀਨੀ ਕੰਪਨੀ ਨੂੰ ਮਜਬੂਰ ਕੀਤਾ ਜਾਵੇਗਾ। ਇਸ ਬਿਲ ’ਤੇ ਹੁਣ ਰਾਸ਼ਟਰਪਤੀ ਜੋ ਬਾਈਡਨ ਦੇ ਦਸਤਖਤ ਕੀਤੇ ਜਾਣਗੇ। ਪਾਸ ਹੋਣ ਤੋਂ ਤੁਰਤ ਬਾਅਦ ਜਾਰੀ ਇਕ ਬਿਆਨ ਵਿਚ ਬਾਈਡਨ ਨੇ ਕਿਹਾ ਕਿ ਉਹ ਬੁਧਵਾਰ ਨੂੰ ਇਸ ’ਤੇ ਦਸਤਖਤ ਕਰਨਗੇ।
ਹਾਲਾਂਕਿ ਅਮਰੀਕੀ ਸੰਸਦ ਮੈਂਬਰਾਂ ਦੇ ਇਸ ਵਿਵਾਦਪੂਰਨ ਕਦਮ ਨੂੰ ਕਾਨੂੰਨੀ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਇਸ ਨਾਲ ਸਮੱਗਰੀ ਨਿਰਮਾਤਾਵਾਂ (ਕੰਟੈਂਟ ਕ੍ਰਿਏਟਰਜ਼) ਲਈ ਮੁਸ਼ਕਲਾਂ ਪੈਦਾ ਹੋਣ ਦੀ ਸੰਭਾਵਨਾ ਹੈ ਜੋ ਆਮਦਨ ਲਈ ਇਸ ਛੋਟੇ ਵੀਡੀਉ ਵਾਲੇ ਇਸ ਐਪ ’ਤੇ ਨਿਰਭਰ ਕਰਦੇ ਹਨ।
ਟਿਕਟਾਕ ਨਾਲ ਜੁੜੇ ਬਿਲ ਨੂੰ 95 ਅਰਬ ਡਾਲਰ ਦੇ ਵੱਡੇ ਪੈਕੇਜ ਦੇ ਹਿੱਸੇ ਦੇ ਰੂਪ ’ਚ ਸ਼ਾਮਲ ਕੀਤਾ ਗਿਆ ਸੀ ਜੋ ਯੂਕਰੇਨ ਅਤੇ ਇਜ਼ਰਾਈਲ ਨੂੰ ਵਿਦੇਸ਼ੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ 79-18 ਦੇ ਫਰਕ ਨਾਲ ਪਾਸ ਕੀਤਾ ਗਿਆ ਸੀ।
ਸੋਧੇ ਹੋਏ ਇਸ ਬਿਲ ਨੇ ਬਾਈਟਡਾਂਸ ਨੂੰ ਟਿਕਟਾਕ ਵੇਚਣ ਲਈ ਨੌਂ ਮਹੀਨੇ ਦਾ ਸਮਾਂ ਦਿਤਾ ਹੈ। ਜੇ ਵਿਕਰੀ ਪ੍ਰਕਿਰਿਆ ਅੱਗੇ ਵਧਦੀ ਹੈ, ਤਾਂ ਤਿੰਨ ਮਹੀਨਿਆਂ ਦਾ ਸੰਭਾਵਤ ਵਾਧਾ ਉਪਲਬਧ ਹੋਵੇਗਾ। ਇਹ ਬਿਲ ਕੰਪਨੀ ਨੂੰ ਟਿਕਟਾਕ ਦੇ ‘ਗੁਪਤ ਫਾਰਮੂਲੇ’ ਨੂੰ ਕੰਟਰੋਲ ਕਰਨ ਤੋਂ ਵੀ ਰੋਕ ਦੇਵੇਗਾ, ਜੋ ਇਕ ਅਜਿਹਾ ਐਲਗੋਰਿਦਮ ਹੈ ਜੋ ਪ੍ਰਯੋਗਕਰਤਾਵਾਂ ਨੂੰ ਉਨ੍ਹਾਂ ਦੀਆਂ ਦਿਲਚਸਪੀਆਂ ਦੇ ਅਧਾਰ ’ਤੇ ਵੀਡੀਉ ਉਪਲਬਧ ਕਰਵਾਉਂਦਾ ਹੈ ਅਤੇ ਜਿਸ ਨੇ ਮੰਚ ਨੂੰ ਵੱਡੀ ਸਫਲਤਾ ਦਿਤੀ ਹੈ।
ਇਹ ਬਿਲ ਚੀਨ ਦੀਆਂ ਧਮਕੀਆਂ ਅਤੇ ਟਿਕਟਾਕ ਦੀ ਮਲਕੀਅਤ ਨੂੰ ਲੈ ਕੇ ਵਾਸ਼ਿੰਗਟਨ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਡਰ ਦਾ ਨਤੀਜਾ ਹੈ। ਅਮਰੀਕਾ ’ਚ ਟਿਕਟਾਕ ਦੀ ਵਰਤੋਂ 17 ਕਰੋੜ ਲੋਕ ਕਰਦੇ ਹਨ। ਅਮਰੀਕੀ ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੰਮੇ ਸਮੇਂ ਤੋਂ ਚਿੰਤਾ ਜ਼ਾਹਰ ਕੀਤੀ ਹੈ ਕਿ ਚੀਨੀ ਅਧਿਕਾਰੀ ਬਾਈਟਡਾਂਸ ਨੂੰ ਅਮਰੀਕੀ ਉਪਭੋਗਤਾਵਾਂ ਦਾ ਡੇਟਾ ਸੌਂਪਣ ਲਈ ਮਜਬੂਰ ਕਰ ਸਕਦੇ ਹਨ ਜਾਂ ਟਿਕਟਾਕ ’ਤੇ ਕੁੱਝ ਸਮੱਗਰੀ ਨੂੰ ਦਬਾ ਕੇ ਜਾਂ ਉਤਸ਼ਾਹਤ ਕਰ ਕੇ ਅਮਰੀਕੀਆਂ ਨੂੰ ਪ੍ਰਭਾਵਤ ਕਰ ਸਕਦੇ ਹਨ।
ਹਾਲਾਂਕਿ, ਅਮਰੀਕਾ ਦੇ ਰਾਸ਼ਟਰਪਤੀ ਬਣਨ ਲਈ ਮੁੜ ਮੁਕਾਬਲਾ ਕਰ ਰਹੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਸੰਭਾਵਤ ਪਾਬੰਦੀ ਦਾ ਵਿਰੋਧ ਕਰਦੇ ਹਨ। ਚੀਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਟਿਕਟਾਕ ਦੀ ਜ਼ਬਰਦਸਤੀ ਵਿਕਰੀ ਦਾ ਵਿਰੋਧ ਕਰੇਗਾ ਅਤੇ ਉਹ ਇਸ ਬਿਲ ਨੂੰ ਰੋਕਣ ਲਈ ਮੁਕੱਦਮਾ ਦਾਇਰ ਕਰਨ ਦੀ ਤਿਆਰੀ ਕਰ ਰਿਹਾ ਹੈ।
(For more Punjabi news apart from Bill banning Tiktok in America passed, waiting for Biden's signature, stay tuned to Rozana Spokesman)