
ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 97 ਹੋਈ
ਕਰਾਚੀ, 23 ਮਈ: ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਸ਼ੁਕਰਵਾਰ ਨੂੰ ਹੋਏ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ਦੀ ਪਛਾਣ ਡੀ.ਐਨ.ਏ ਜਾਂਚ ਰਾਹੀਂ ਕੀਤੀ ਜਾਏਗੀ ਕਿਉਂਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਚੁਕੀਆਂ ਹਨ। ਹਵਾਈ ਅੱਡੇ ਕੋਲ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ’ਚ ਸ਼ੁਕਰਵਾਰ ਨੂੰ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿਚ 97 ਲੋਕਾਂ ਦੀ ਮੌਤ ਹੋ ਗਈ ਸੀ।
ਏ320 ’ਚ 91 ਯਾਤਰੀ ਅਤੇ ਚਾਲਕ ਦਲ ਦੇ ਅੱਠ ਮੈਂਬਰ ਸਵਾਰ ਸਨ। ਜਹਾਜ਼ ਕਰਾਚੀ ਉਤਰਨ ਹੀ ਵਾਲਾ ਸੀ ਕਿ ਇਕ ਮਿੰਟ ਪਹਿਲਾਂ ਮਾਲਿਰ ’ਚ ਮਾਲਡ ਕਾਲੋਨੀ ਦੇ ਨੇੜੇ ਜਿੱਨਾਹ ਗਾਰਡਨ ’ਚ ਜਿੱਨਾਹ ਰਿਹਾਇਸ਼ੀ ਸੋਸਾਇਟੀ ’ਚ ਹਾਦਸਾ ਹੋ ਗਿਆ। ਇਸ ਹਾਦਸੇ ’ਚ ਜ਼ਮੀਨ ’ਤੇ ਮੌਜੂਦ 11 ਲੋਕ ਵੀ ਜ਼ਖ਼ਮੀ ਹੋ ਗਏ। ਐਕਸਪ੍ਰੈਸ ਟ੍ਰਿਬਿਯੂਨ ਨੇ ਇਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਹੁਣ ਤਕ ਇਕ ਲੜਕੀ ਸਮੇਤ ਸਿਰਫ਼ ਪੰਜ ਲੋਕਾਂ ਦੀ ਹੀ ਪਛਾਣ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਵਾਰ ਵਲੋਂ ਮਿ੍ਰਤਕਾਂ ਦੀ ਪਛਾਣ ਕਰਨਾ ਲਗਭਗ ਨਾਂਹ ਦੇ ਬਰਾਬਰ ਹੈ ਕਿਉਂਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ।
ਜਿਉ ਨਿਊਜ਼ ਮੁਤਾਬਕ ਡੀ.ਐਨ.ਏ ਜਾਂਚ ਦੇ ਸੈਂਪਲ ਲਏ ਜਾਣਗੇ।
File photo
ਯਾਤਰੀਆਂ ਦੇ ਪ੍ਰਵਾਰਕ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਹ ਮਿ੍ਰਤਕਾਂ ਨਾਲ ਮਿਲਾਣ ਲਈ ਅਪਣੇ ਸੈਂਪਲ ਦੇਣ। ਇਸ ਹਾਦਸੇ ’ਚ ਦੋ ਬਚੇ ਲੋਕ ਜਿਨ੍ਹਾਂ ਵਿਚ ਬੈਂਕ ਆਫ਼ ਪੰਜਾਬ ਦੇ ਮੁਖੀ ਜ਼ਫ਼ਰ ਮਸੂਦ ਵੀ ਸ਼ਾਮਲ ਹਨ ਅਤੇ ਉਨ੍ਹਾਂ ਨੇ ਅਪਣੀ ਮਾਂ ਨੂੰ ਫ਼ੋਨ ਕਰ ਕੇ ਅਪਣੇ ਠੀਕ ਹੋਣ ਦੀ ਜਾਣਕਾਰੀ ਦਿਤੀ। ਹਾਦਸੇ ਵਿਚ ਬਚੇ ਇਕ ਮੈਕੇਨਿਕਲ ਇੰਜੀਨੀਅਰ ਨੇ ਜਿਉ ਨਿਊਜ਼ ਨੂੰ ਦਸਿਆ ਕਿ ਉਹ ਗੁਜਰਾਂਵਾਲਾ ’ਚ ਇਕ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ ਅਤੇ ਈਦ ਮਨਾਉਣ ਲਈ ਘਰ ਜਾ ਰਹੇ ਸਨ। (ਪੀਟੀਆਈ)
‘ਹਾਦਸੇ ਤੋਂ ਪਹਿਲਾਂ ਲੱਗੇ ਸਨ ਤਿੰਨ ਵਾਰੀ ਝਟਕੇ’
ਹਾਦਸੇ ’ਚ ਬਚੇ ਮੁਹੰਮਦ ਜੁਬੈਰ ਨੇ ਘਟਨਾ ਨੂੰ ਯਾਦ ਕਰਦਿਆਂ ਦਸਿਆ ਕਿ ਜਹਾਜ਼ ਠੀਕ ਤਰ੍ਹਾਂ ਉਡ ਰਿਹਾ ਸੀ ਫਿਰ ਤਿੰਨ ਵਾਰੀ ਉਸ ਨੂੰ ਝਟਕੇ ਮਹਿਸੂਸ ਹੋਏ। ਇਸ ਤੋਂ ਬਾਅਦ ਪਾਇਲਟ ਨੇ ਫ਼ੁਰਤੀ ਨਾਲ ਜ਼ਮੀਨ ਤੋਂ ਜਹਾਜ਼ ਦੀ ਉਚਾਈ ਵਧਾ ਦਿਤੀ ਪਰ ਕੁੱਝ ਪਲਾਂ ਬਾਅਦ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ੁਬੈਰ ਨੇ ਦਸਿਆ ਕਿ ਜਦੋਂ ਜਹਾਜ਼ ਕਰਾਚੀ ਹਵਾਈ ਅੱਡੇ ਵਲ ਆ ਰਿਹਾ ਸੀ ਤਾਂ ਉਸ ’ਚ ਕੰਪਨ ਹੋ ਰਿਹਾ ਸੀ।