
ਜਰਮਨੀ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣ ਪਹੁੰਚੇ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ.............
ਹੈਮਬਰਗ : ਜਰਮਨੀ 'ਚ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣ ਪਹੁੰਚੇ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ। ਉਨਾਵ ਬਲਾਤਕਾਰ ਮਾਮਲੇ 'ਚ ਇਕ ਗਵਾਹ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਦੇ ਮਾਮਲੇ 'ਤੇ ਮੋਦੀ ਨੂੰ ਘੇਰਦਿਆਂ ਵਿਦੇਸ਼ੀ ਧਰਤੀ 'ਤੇ ਰਾਹੁਲ ਨੇ ਕਿਹਾ ਕਿ 'ਸ੍ਰੀ 56 ਇੰਚ, ਕੀ ਸਾਡੀਆਂ ਬੇਟੀਆਂ ਨੂੰ ਨਿਆਂ ਦੇਣ ਦਾ ਤੁਹਾਡਾ ਤਰੀਕਾ ਇਹੀ ਹੈ?'ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਅਪਣੀ ਇਕ ਟਿਪਣੀ 'ਚ ਕਿਹਾ ਸੀ ਕਿ ਅਜਿਹੇ ਮਾਮਲੇ ਸਮਾਜ 'ਤੇ ਕਲੰਕ ਹਨ ਅਤੇ ਉਹ ਦੋਸ਼ੀਆਂ ਵਿਰੁਧ ਕਾਰਵਾਈ ਦਾ ਵਾਅਦਾ ਕਰਦੇ ਹਨ।
2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ '56 ਇੰਚ ਦੀ ਛਾਤੀ' ਦਾ ਦਾਅਵਾ ਕਰਨ ਵਾਲੇ ਮੋਦੀ ਨੂੰ ਅਕਸਰ ਰਾਹੁਲ ਗਾਂਧੀ 'ਸ੍ਰੀ 56 ਇੰਚ ਛਾਤੀ' ਕਹਿ ਕੇ ਬੁਲਾਉਂਦੇ ਹਨ। ਉਨਾਵ 'ਚ ਇਕ ਨਾਬਾਲਗ ਕੁੜੀ ਨਾਲ ਕਥਿਤ ਤੌਰ 'ਤੇ ਭਾਜਪਾ ਦੇ ਇਕ ਵਿਧਾਇਕ ਕੁਲਦੀਪ ਸਿੰਘ ਸੰਗੇਰ ਨੇ ਬਲਾਤਕਾਰ ਕੀਤਾ ਸੀ। ਇਸ ਮਾਮਲੇ ਵਿਚ ਕੁੜੀ ਦੇ ਪਿਤਾ 'ਤੇ ਜਾਨਲੇਵਾ ਹਮਲਾ ਕਰਨ ਦੇ ਇਕ ਚਸ਼ਮਦੀਦ ਗਵਾਹ ਦੀ ਪਿਛਲੇ ਹਫ਼ਤੇ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਸੀ।
ਜਰਮਨੀ ਦੇ ਹੈਮਬਰਗ ਵਿਖੇ ਸਥਿਤ ਇਕ ਸਕੂਲ 'ਚ ਬੋਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤ 'ਚ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਪਰ ਪ੍ਰਧਾਨ ਮੰਤਰੀ ਮੋਦੀ ਇਸ ਨੂੰ ਅੱਖੋਂ-ਪਰੋਖੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫ਼ੈਸਲੇ ਅਤੇ ਜੀ.ਐਸ.ਟੀ. ਸਹੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਰ ਕੇ ਦੇਸ਼ ਅੰਦਰ ਪੈਸੇ ਦੀ ਆਮਦ ਘਟੀ ਅਤੇ ਛੋਟੇ ਉਦਯੋਗ ਤਬਾਹ ਹੋਏ। ਸੰਸਦ ਵਿਚ ਜਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲ ਲਾਇਆ ਸੀ ਤਾਂ ਉਨ੍ਹਾਂ ਦੀ ਹੀ ਪਾਰਟੀ ਦੇ ਕੁੱਝ ਮੈਂਬਰਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਸੀ।
ਜਰਮਨੀ ਦੇ ਇਸ ਸ਼ਹਿਰ ਵਿਚ ਰਾਹੁਲ ਨੇ ਕਿਹਾ ਕਿ ਨਫ਼ਰਤ ਦਾ ਜਵਾਬ ਨਫ਼ਰਤ ਨਾਲ ਦੇਣਾ ਬਿਲਕੁਲ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਹੱਲ ਕਰਨ ਲਈ ਤੁਹਾਨੂੰ ਉਸ ਨੂੰ ਸਵੀਕਾਰ ਕਰਨਾ ਪਵੇਗਾ। ਰਾਹੁਲ ਗਾਂਧੀ ਭਾਰਤ ਅਤੇ ਪਿਛਲੇ 70 ਸਾਲਾਂ ਵਿਚ ਉਸ ਦੀ ਤਰੱਕੀ ਬਾਰੇ ਵੀ ਬੋਲੇ। ਸੰਸਦ ਵਿਚ ਪਿਛਲੇ ਮਹੀਨੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਗਲ ਲਗਾਉਣ ਦੇ ਕਿੱਸੇ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਸੰਸਦ ਵਿਚ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਗਲ ਲਾਇਆ ਤਾਂ ਮੇਰੀ ਪਾਰਟੀ ਦੇ ਕੁੱਝ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ ਸੀ।
ਰਾਹੁਲ ਨੇ ਕਿਹਾ ਕਿ ਵਿਕਾਸ ਕਵਾਇਦ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੂੰ ਬਾਹਰ ਰਖਣਾ ਦੁਨੀਆਂ ਵਿਚ ਅਤਿਵਾਦੀ ਧੜਿਆਂ ਦੀ ਉਪਜ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਭਾਜਪਾ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਦਿਵਾਸੀਆਂ, ਦਲਿਤਾਂ ਅਤੇ ਘੱਟਗਿਣਤੀਆਂ ਨੂੰ ਵਿਕਾਸ ਪ੍ਰਕ੍ਰਿਆ ਤੋਂ ਦੂਰ ਰੱਖ ਰਹੀ ਹੈ ਅਤੇ ਇਹ ਖ਼ਤਰਨਾਕ ਹੋ ਸਕਦਾ ਹੈ। ਰਾਹੁਲ ਨੇ ਕਿਹਾ ਕਿ ਅਹਿੰਸਾ ਭਾਰਤ ਦੇ ਇਤਹਾਸ ਦਾ ਮੂਲ ਮੰਤਰ ਰਿਹਾ ਹੈ। ਇਹੀ ਭਾਰਤੀ ਹੋਣ ਦਾ ਅਹਿਸਾਸ ਹੈ। ਜੇ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ ਤਾਂ ਇਹ ਉਸ ਦੀ ਪ੍ਰਤੀਕਿਰਿਆ ਹੈ।
ਨਫ਼ਰਤ ਦਾ ਜਵਾਬ ਨਫ਼ਰਤ ਨਾਲ ਦੇਣਾ ਬੇਵਕੂਫ਼ੀ ਭਰਿਆ ਹੈ। ਇਸ ਨਾਲ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ। ਰਾਹੁਲ ਨੇ ਕਿਹਾ ਕਿ ਜਦ ਉਨ੍ਹਾਂ ਸ੍ਰੀਲੰਕਾ ਵਿਚ ਅਪਣੇ ਪਿਤਾ ਦੇ ਕਾਤਲਾਂ ਨੂੰ ਮਰਿਆ ਪਿਆ ਵੇਖਿਆ ਤਾਂ ਉਨ੍ਹਾਂ ਨੂੰ ਚੰਗਾ ਨਹੀਂ ਲੱਗਾ। ਕਾਤਲਾਂ ਦੇ ਰੋਂਦੇ ਹੋਏ ਬੱਚਿਆਂ ਨੂੰ ਵੇਖਿਆ ਤਾਂ ਮਨ ਦੁਖੀ ਹੋਇਆ। ਜ਼ਿਕਰਯੋਗ ਹੈ ਕਿ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਲਿੱਟੇ) ਮੁਖੀ ਵੀ ਪ੍ਰਭਾਕਰਣ ਰਾਜੀਵ ਗਾਂਧੀ ਦੀ ਹਤਿਆ ਲਈ ਜ਼ਿੰਮੇਵਾਰ ਸੀ। ਉਸ ਨੂੰ ਸ੍ਰੀਲੰਕਾਈ ਸੈਨਿਕਾਂ ਨੇ 2009 ਵਿਚ ਮਾਰ ਦਿਤਾ ਸੀ। (ਏਜੰਸੀ)