
ਵਿਗਿਆਨੀਆਂ ਨੂੰ ਬੇਨੂ ਨਾਮਕ ਕਾਰਬਨ-ਭਰਪੂਰ ਛੋਟੇ ਗ੍ਰਹਿ ਤੋਂ ਘੱਟੋ-ਘੱਟ ਇਕ ਕੱਪ ਮਲਬਾ ਮਿਲਣ ਦੀ ਉਮੀਦ
ਵਾਸ਼ਿੰਗਟਨ: ਪੁਲਾੜ ਦੀਆਂ ਡੂੰਘਾਈਆਂ ਤੋਂ ਨਿੱਕੇ ਗ੍ਰਹਿਆਂ (Asteroid) ਦੇ ਨਮੂਨੇ ਲੈ ਕੇ ਨਾਸਾ ਦਾ ਪਹਿਲਾ ਪੁਲਾੜ ਕੈਪਸੂਲ ਸੱਤ ਸਾਲ ਦਾ ਸਫ਼ਰ ਪੂਰਾ ਕਰਦੇ ਹੋਏ ਐਤਵਾਰ ਨੂੰ ਉਤਾਹ ਮਾਰੂਥਲ ’ਚ ਉਤਰਿਆ।
ਧਰਤੀ ਦੇ ਨੇੜੇ ਲੰਘਦੇ ਹੋਏ, ਓਸੀਰਿਸ-ਰੇਕਸ ਪੁਲਾੜ ਜਹਾਜ਼ ਨੇ ਕੈਪਸੂਲ ਨੂੰ 63,000 ਮੀਲ (100,000 ਕਿਲੋਮੀਟਰ) ਦੂਰ ਤੋਂ ਛਡਿਆ ਸੀ। ਲਗਭਗ ਚਾਰ ਘੰਟੇ ਬਾਅਦ, ਕੈਪਸੂਲ ਪੈਰਾਸ਼ੂਟ ਰਾਹੀਂ ਫੌਜ ਦੇ ਉਤਾਹ ਟੈਸਟ ਅਤੇ ਸਿਖਲਾਈ ਰੇਂਜ ’ਤੇ ਉਤਰਿਆ।
ਵਿਗਿਆਨੀਆਂ ਨੂੰ ਬੇਨੂ ਨਾਮਕ ਕਾਰਬਨ-ਭਰਪੂਰ ਛੋਟੇ ਗ੍ਰਹਿ ਤੋਂ ਘੱਟੋ-ਘੱਟ ਇਕ ਕੱਪ ਮਲਬਾ ਮਿਲਣ ਦੀ ਉਮੀਦ ਹੈ। ਹਾਲਾਂਕਿ ਜਦੋਂ ਤਕ ਡੱਬੇ ਨੂੰ ਖੋਲ੍ਹਿਆ ਨਹੀਂ ਜਾਂਦਾ, ਉਦੋਂ ਤਕ ਇਸ ’ਚ ਮੌਜੂਦ ਸਮੱਗਰੀ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ।
ਜਾਪਾਨ, ਨਿੱਕੇ ਗ੍ਰਹਿ ਦੇ ਨਮੂਨੇ ਵਾਪਸ ਲਿਆਉਣ ਵਾਲਾ ਇਕੋ-ਇਕ ਹੋਰ ਦੇਸ਼ ਹੈ, ਜਿਸ ਨੇ ਦੋ ਨਿੱਕੇ ਗ੍ਰਹਿ ਮਿਸ਼ਨਾਂ ਤੋਂ ਸਿਰਫ ਇਕ ਚਮਚਾ ਮਲਬਾ ਇਕੱਠਾ ਕੀਤਾ ਸੀ।
ਐਤਵਾਰ ਨੂੰ ਆਏ ਨਿੱਕੇ ਗ੍ਰਹਿ ਤੋਂ ਨਮੂਨਿਆਂ ਦਾ ਅਧਿਐਨ ਕਰਨ ਨਾਲ ਵਿਗਿਆਨੀਆਂ ਨੂੰ ਇਹ ਸਮਝਣ ’ਚ ਮਦਦ ਮਿਲੇਗੀ ਕਿ 4.5 ਅਰਬ ਸਾਲ ਪਹਿਲਾਂ ਸਾਡੇ ਸੂਰਜੀ ਸਿਸਟਮ ਦੀ ਸ਼ੁਰੂਆਤ ’ਚ ਧਰਤੀ ਅਤੇ ਜੀਵਨ ਨੇ ਕਿਵੇਂ ਆਕਾਰ ਲਿਆ ਸੀ।
ਓਸੀਰਿਸ-ਰੈਕਸ ਪੁਲਾੜ ਯਾਨ ਨੇ 2016 ’ਚ ਅਪਣਾ ਮਿਸ਼ਨ ਸ਼ੁਰੂ ਕੀਤਾ ਸੀ ਅਤੇ 2020 ’ਚ ਇਸ ਨੇ ਬੇਨੂ ਨਾਂ ਦੇ ਛੋਟੇ ਗ੍ਰਹਿ ਦੇ ਨੇੜੇ ਪਹੁੰਚ ਕੇ ਨਮੂਨੇ ਇਕੱਠੇ ਕੀਤੇ ਸਨ। ਇਨ੍ਹਾਂ ਨਮੂਨਿਆਂ ਨੂੰ ਸੋਮਵਾਰ ਨੂੰ ਹਿਊਸਟਨ ਸਥਿਤ ਨਾਸਾ ਦੇ ਜਾਨਸਨ ਸਪੇਸ ਸੈਂਟਰ ਲਿਜਾਇਆ ਜਾਵੇਗਾ।