
Italy News:ਇਟਲੀ ਦੇ ਫਰੈਂਸੇ ਸ਼ਹਿਰ 'ਚ 79ਵੇਂ ਆਜ਼ਾਦੀ ਦਿਵਸ ਮੌਕੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ
ਮਿਲਾਨ (ਦਲਜੀਤ ਮੱਕੜ): ਫਰੈਂਸੇ ਦੇ ਸ਼ਹਿਰ ਪਾਲਾਸੋਲੋ ਸਨਚੀਆਂ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਆਜ਼ਾਦੀ ਦਿਵਸ ਦੇ ਸਬੰਧ ਵਿਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਾਜਿ) ਇਟਲੀ ਨੂੰ ਪਾਲਾਸੋਲੋ ਦੇ ਕਮੂਨੇ ਨੇ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ।
.
ਸਭ ਤੋਂ ਪਹਿਲਾਂ ਇਟਲੀ ਦੀ ਫ਼ੌਜ ਤੇ ਇੰਗਲੈਂਡ ਫ਼ੌਜ ਨੇ ਦੂਸਰੀ ਜੰਗ ਵਿੱਚ ਸ਼ਹੀਦੀਆ ਪਾਉਣ ਵਾਲੇ ਸਿੱਖ ਫ਼ੌਜੀਆਂ ਨੂੰ ਪਰੇਡ ਕਰ ਕੇ ਸਲਾਮੀ ਦਿੱਤੀ। ਬਾਅਦ ’ਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਹੀਦ ਸਿੱਖ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਉਪਰੰਤ ਇੰਗਲੈਂਡ ਦੀ ਮਿਲਟਰੀ ਤੇ ਇਟਲੀ ਦੀ ਫ਼ੌਜ ਨੇ ਸ਼ਰਧਾਂਜ਼ਲੀ ਭੇਂਟ ਕੀਤੀ।
.
ਇੰਗਲੈਂਡ ਤੋਂ ਆਈ ਫ਼ੌਜ ਦੇ ਜਰਨਲ ਨੇ ਆਪਣੇ ਭਾਸ਼ਨ ਵਿੱਚ ਸਿੱਖ ਮਿਲਟਰੀ ਨੂੰ ਇੱਕ ਬਹਾਦਰ ਕੌਮ ਦੇ ਸ਼ਹੀਦ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਸਿੱਖ ਕੌਮ ਦੂਸਰਿਆਂ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਹੈ।ਵਰਲਡ ਸਿੱਖ ਕਮੇਟੀ ਦੇ ਸੈਕਟਰੀ ਸਤਨਾਮ ਸਿੰਘ ਨੇ ਆਪਣੇ ਭਾਸ਼ਣ ’ਚ ਇੰਗਲੈਂਡ ਤੇ ਇਟਲੀ ਦੀ ਫ਼ੌਜ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਲਾਸੋਲੋ ਦੇ ਮੇਅਰ ਮਾਕਰੋ ਬੁਟੀ ਨੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਮੈਨੂੰ ਬੜੀ ਖੁਸ਼ੀ ਤੇ ਮਾਣ ਵੀ ਹੈ ਕਿ ਸਿੱਖ ਫ਼ੌਜੀਆਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਪਾਲਾਸੋਲੋ ਨੂੰ ਆਜ਼ਾਦ ਕਰਾਇਆ ਸੀ। ਅੱਜ ਉਹਨਾਂ ਦੇ ਵਾਰਸ ਸਾਡੇ ਆਜ਼ਾਦੀ ਦਿਵਸ ਵਿਚ ਸ਼ਾਮਲ ਹੋਏ ਤੇ ਮੈਂ ਅੱਗੋਂ ਤੋਂ ਆਸ ਕਰਦਾ ਹਾਂ ਕਿ ਸਿੱਖ ਇਸੇ ਤਰ੍ਹਾਂ ਹੀ ਹਰ ਸਾਲ ਸ਼ਾਮਲ ਹੁੰਦੇ ਰਹਿਣ।
.
ਪੱਤਰਕਾਰ ਨੂੰ ਫੋਨ ’ਤੇ ਜਾਣਕਾਰੀ ਦਿੰਦਿਆਂ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਿੱਖ ਕੌਮ ਦੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਅਸੀਂ ਸ਼ਹੀਦ ਫ਼ੌਜੀਆਂ ਦੀ ਯਾਦ ’ਚ ਖੰਡਾ ਲਾਇਆ ਸੀ ਹੁਣ ਉਸ ਦੇ ਨਾਲ ਸਾਡਾ ਨਿਸ਼ਾਨ ਸਾਹਿਬ ਵੀ ਸਦਾ ਝੂਲਦਾ ਰਹੇਗਾ।
.
ਇਸ ਆਜ਼ਾਦੀ ਦਿਵਸ ’ਤੇ ਵਰਲਡ ਸਿੱਖ ਸ਼ਹੀਦ ਮਿਲਟਰੀ (ਰਾਜਿ) ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫ਼ੌਜੀ ਮੀਤ ਪ੍ਰਧਾਨ, ਸਤਨਾਮ ਸਿੰਘ ਸੈਕਟਰੀ, ਗੁਰਮੇਲ ਸਿੰਘ ਭੱਟੀ ਪ੍ਰਧਾਨ ਰਾਜਪੂਤ ਵਿਸ਼ਵ ਸਭਾ, ਰਾਜ ਕੁਮਾਰ ਕੋਰੇਜੋ, ਜਸਪ੍ਰੀਤ ਸਿੰਘ ਸਿਧੂ, ਹਰਜਾਪ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ ਤੇ ਹਰਦੀਪ ਸਿੰਘ ਸ਼ਾਮਲ ਹੋਏ।