ਪੀਐਮ ਮੋਦੀ ਵੱਲੋਂ ਮਾਰਕ ਕਾਰਨੀ ਨਾਲ ਮੁਲਾਕਾਤ
ਨਵੀਂ ਦਿੱਲੀ : ਭਾਰਤ ਅਤੇ ਕੈਨੇਡਾ ਦੇ ਵਿਗੜੇ ਸਬੰਧ ਫਿਰ ਤੋਂ ਪੱਟੜੀ ’ਤੇ ਪਰਤਦੇ ਦਿਖਾਈ ਦੇ ਰਹੇ ਨੇ ਕਿਉਂਕਿ ਜੋਹਾਨਸਬਰਗ ਵਿਖੇ ਹੋ ਰਹੇ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਹੋਈ ਐ ਅਤੇ ਦੋਵੇਂ ਦੇਸ਼ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰ ਵਧਾਉਣ ਦੇ ਲਈ ਰਾਜ਼ੀ ਹੋ ਗਏ ਨੇ।
ਸਾਊਥ ਅਫ਼ਰੀਕਾ ਦੇ ਜੋਹਾਨਸਬਰਗ ਵਿਖੇ ਹੋ ਰਹੇ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮਕੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਮੀਟਿੰਗ ਹੋਈ, ਜਿਸ ਦੌਰਾਨ ਦੋਵੇਂ ਨੇਤਾਵਾਂ ਨੇ ਆਉਣ ਵਾਲੇ ਸਮੇਂ ਵਿਚ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਆਖੀ। ਦੋਵੇਂ ਦੇਸ਼ਾਂ ਵੱਲੋਂ ਸਾਲ 2030 ਤੱਕ ਆਪਸੀ ਵਪਾਰ ਨੂੰ 50 ਬਿਲੀਅਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਏ। ਇਸ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਐਕਸ ਅਕਾਊਂਟ ’ਤੇ ਲਿਖਿਆ ‘‘ਇਹ ਮੁਲਾਕਾਤ ਬਹੁਤ ਬਿਹਤਰ ਰਹੀ ਅਤੇ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਅਤੇ ਨਿਵੇਸ਼ ਵਧਾਉਣ ਦੀ ਵੱਡੀ ਸੰਭਾਵਨਾ ਬਣੀ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਪੈਨਸ਼ਨ ਫੰਡ ਭਾਰਤ ਦੀਆਂ ਕੰਪਨੀਆਂ ਵਿਚ ਨਿਵੇਸ਼ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨੇ। ਇਸ ਤੋਂ ਇਲਾਵਾ ਦੋਵੇਂ ਦੇਸ਼ਾਂ ਨੇ ਰੱਖਿਆ ਅਤੇ ਪੁਲਾੜ ਖੇਤਰ ਵਿਚ ਵੀ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ।
ਇਹ ਪ੍ਰਧਾਨ ਮੰਤਰੀ ਮੋਦੀ ਦੀ ਮਾਰਕ ਕਾਰਨੀ ਦੇ ਨਾਲ ਦੂਜੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਦੋਵੇਂ ਨੇਤਾ ਕੈਨੇਡਾ ਦੇ ਕਨਾਨਾਸਕਿਸ ਵਿਚ ਹੋਏ ਜੀ-7 ਸ਼ਿਖ਼ਰ ਸੰਮੇਲਨ ਦੌਰਾਨ ਮਿਲੇ ਸੀ। ਇਸ ਮੀਟਿੰਗ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੀ ਮੌਜੂਦ ਸੀ। ਦੱਸਣਯੋਗ ਐ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਦੁਵੱਲਾ ਵਪਾਰ ਸਾਲ 2024 ਵਿਚ 30 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ। ਭਾਰਤ ਉਸ ਸਾਲ ਕੈਨੇਡਾ ਦਾ ਸੱਤਵਾਂ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣ ਕੇ ਉਭਰਿਆ ਸੀ,, ਪਰ ਦੋਵੇਂ ਦੇਸ਼ਾਂ ਵਿਚਾਲੇ ਕੁੱਝ ਮੁੱਦਿਆਂ ਨੂੰ ਲੈ ਕੇ ਕੜਵਾਹਟ ਪੈਦਾ ਹੋ ਗਈ ਸੀ,, ਜੋ ਹੁਣ ਫਿਰ ਤੋਂ ਦੂਰ ਹੁੰਦੀ ਦਿਖਾਈ ਦੇ ਰਹੀ ਐ ਕਿਉਂਕਿ ਇਸ ਤੋਂ ਪਹਿਲਾਂ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਵੀ ਭਾਰਤ ਦਾ ਦੌਰਾ ਕਰ ਚੁੱਕੀ ਐ, ਜਿੱਥੇ ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਫਿਰ ਤੋਂ ਮਜ਼ਬੂਤ ਕਰਨ ਦੀ ਗੱਲ ਆਖੀ ਸੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਨਾਲ ਵੀ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਮੇਲੋਨੀ ਨੇ ਲਾਲ ਕਿਲ੍ਹੇ ਨੇੜੇ ਹੋਏ ਹਮਲੇ ’ਤੇ ਭਾਰਤ ਦੇ ਨਾਲ ਆਪਣੀ ਇਕਜੁੱਟਤਾ ਜ਼ਾਹਿਰ ਕੀਤੀ ਅਤੇ ਅੱਤਵਾਦ ਨਾਲ ਨਿਪਟਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੋਹਰਾਈ। ਇਸ ਤੋਂ ਇਲਾਵਾ ਦੋਵੇਂ ਦੇਸ਼ਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਦੁਵੱਲੇ ਸਹਿਯੋਗ ਨੂੰ ਡੂੰਘਾ ਕਰਨ ਲਈ ਸੰਸਾਰਕ ਮੰਚਾਂ ’ਤੇ ਸਹਿਯੋਗ ਵਧਾਉਣ ‘ਤੇ ਜ਼ੋਰ ਦਿੱਤਾ। ਮੋਦੀ ਅਤੇ ਮੇਲੋਨੀ ਵਿਚਾਲੇ ਦੋ ਦਿਨਾਂ ਦੌਰਾਨ ਇਹ ਦੂਜੀ ਮੁਲਾਕਾਤ ਸੀ। ਇਸ ਤੋਂ ਇਲਾਵਾ ਪੀਐਮ ਮੋਦੀ ਵੱਲੋਂ ਜਪਾਨ ਦੇ ਪ੍ਰਧਾਨ ਮੰਤਰੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰਕੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਗਈ।
