ਗੋਲੀਬਾਰੀ 'ਚ ਪਤਨੀ ਅਤੇ ਧੀ ਜ਼ਖ਼ਮੀ
ਜਾਰਜੀਆ : ਅਮਰੀਕਾ ਦੇ ਜਾਰਜੀਆ ਵਿੱਚ ਇੱਕ ਭਾਰਤੀ-ਅਮਰੀਕੀ ਨਾਗਰਿਕ ਦਾ ਕਤਲ ਕੀਤੇ ਜਾਣ ਦੀ ਖਬਰ ਮਿਲੀ ਹੈ। ਇਹ ਘਟਨਾ 20 ਜਨਵਰੀ ਨੂੰ ਜਾਰਜੀਆ ਦੇ ਹਾਰਟਲੇ ਬ੍ਰਿਜ ਰੋਡ ਨੇੜੇ ਥਰੋਬ੍ਰੇਡ ਲੇਨ 'ਤੇ ਵਾਪਰੀ ਸੀ। ਦੱਸਿਆ ਜਾ ਰਿਹਾ ਹੈ ਕਿ 3 ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਮਾਰ ਕੇ ਭਾਰਤੀ ਮੂਲ ਦੇ ਪਿਨਾਲ ਪਟੇਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਇਹ ਵੀ ਪੜ੍ਹੋ: ਪਤੀ-ਪਤਨੀ ਦਾ ਝਗੜਾ ਰੁਕਵਾਉਣ ਗਏ ਗੁਆਂਢੀ ਦਾ ਕਤਲ
ਇੰਨਾ ਹੀ ਨਹੀਂ ਸਗੋਂ ਇਸ ਗੋਲੀਬਾਰੀ ਵਿੱਚ ਉਨ੍ਹਾਂ ਦੀ ਪਤਨੀ ਅਤੇ ਧੀ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਭਾਰਤ ਵਿਚ ਗੁਜਰਾਤ ਨਾਲ ਸਬੰਧਿਤ ਸੀ। ਪੁਲਿਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਨਾਲ ਪਟੇਲ ਅਤੇ ਉਨ੍ਹਾਂ ਦਾ ਪਰਿਵਾਰ ਜਦੋਂ ਕੰਮ ਤੋਂ ਘਰ ਪਹੁੰਚੇ ਤਾਂ ਇਸ ਦੌਰਾਨ ਉਨ੍ਹਾਂ ਦਾ ਸਾਹਮਣਾ 3 ਹਥਿਆਰਬੰਦ ਨਕਾਬਪੋਸ਼ ਵਿਅਕਤੀਆਂ ਨਾਲ ਹੋਇਆ। ਪਿਨਾਲ ਪਟੇਲ ਵਲੋਂ ਵਿਰੋਧ ਕਰਨ 'ਤੇ ਉਨ੍ਹਾਂ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਹ ਵੱਡੀ ਵਾਰਦਾਤ ਵਾਪਰੀ।
ਇਹ ਵੀ ਪੜ੍ਹੋ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਲਾਮਿਸਾਲ ਕਾਰਗੁਜ਼ਾਰੀ ਵਾਲੇ ਭਾਰਤ ਦੇ 22 ਅਫ਼ਸਰਾਂ ਵਿਚ ਸ਼ਾਮਲ
ਇਸ ਵਾਰਦਾਤ ਵਿਚ ਪਿਨਾਲ ਪਟੇਲ ਦੀ ਪਤਨੀ ਰੂਪਲਬੇਨ ਅਤੇ ਉਨ੍ਹਾਂ ਦੀ ਕਰੀਬ 17 ਵਰ੍ਹਿਆਂ ਦੀ ਧੀ ਗੰਭੀਰ ਜ਼ਖਮੀ ਹੋ ਗਏ ਸਨ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਦੋਹਾਂ ਦਾ ਇਲਾਜ ਚਲ ਰਿਹਾ ਹੈ। ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਧਰ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ।