ਪਾਕਿਸਤਾਨ ਅਤਿਵਾਦ ਦੀ ਸ਼ਰਨਸਥਲੀ ਬਣਿਆ ਹੋਇਆ ਹੈ ਅਤੇ ਉਹ ਅਤਿਵਾਦ ਦਾ ਵਿੱਤ ਪੋਸ਼ਣ ਕਰ ਰਿਹਾ ਹੈ.........
ਇਸਲਾਮਾਬਾਦ : ਪਾਕਿਸਤਾਨ ਅਤਿਵਾਦ ਦੀ ਸ਼ਰਨਸਥਲੀ ਬਣਿਆ ਹੋਇਆ ਹੈ ਅਤੇ ਉਹ ਅਤਿਵਾਦ ਦਾ ਵਿੱਤ ਪੋਸ਼ਣ ਕਰ ਰਿਹਾ ਹੈ। ਇਸ ਗੱਲ ਨੂੰ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਦੇ ਬਿਆਨ ਨੇ ਸੱਚ ਸਾਬਤ ਕਰ ਦਿਤਾ ਹੈ। ਇਕ ਦਿਨ ਪਹਿਲਾਂ ਜੈਸ਼ ਹੈੱਡਕੁਆਰਟਰ 'ਤੇ ਪਾਕਿਸਤਾਨ ਸਰਕਾਰ ਦੇ ਕਬਜ਼ੇ ਦੀ ਮੀਡੀਆ ਰੀਪੋਰਟਾਂ ਨੂੰ ਖ਼ਾਰਿਜ ਕਰਦਿਆਂ ਫਵਾਦ ਚੌਧਰੀ ਨੇ ਕਿਹਾ ਕਿ ਜੈਸ਼ ਹੈੱਡਕੁਆਰਟਰ ਨੂੰ ਸਰਕਾਰ ਦੇ ਕੰਟਰੋਲ ਵਿਚ ਲੈਣ ਦੀਆਂ ਗੱਲਾਂ ਝੂਠ ਹਨ।ਅਪਣੇ ਬਿਆਨ ਵਿਚ ਫਵਾਦ ਚੌਧਰੀ ਨੇ ਕਿਹਾ ਕਿ ਜਿੱਥੇ ਕਾਰਵਾਈ ਕੀਤੀ ਗਈ, ਉਹ ਇਕ ਮਦਰਸਾ ਹੈ ਅਤੇ ਇਸ ਦਾ ਪੁਲਵਾਮਾ ਹਮਲੇ ਨਾਲ ਕੋਈ ਸਬੰੰਧ ਨਹੀਂ ਹੈ।
ਫਵਾਦ ਚੌਧਰੀ ਦੇ ਇਸ ਬਿਆਨ ਨਾਲ ਸਾਬਤ ਹੋ ਗਿਆ ਹੈ ਕਿ ਪਾਕਿਸਤਾਨ ਸਰਕਾਰ ਅਤੇ ਅਤਿਵਾਦੀ ਮਸੂਦ ਅਜ਼ਹਰ ਵਿਚਕਾਰ ਗੂੜ੍ਹਾ ਰਿਸ਼ਤਾ ਹੈ। ਇਥੇ ਦੱਸ ਦਈਏ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਪੰਜਾਬ ਸੂਬੇ ਦੀ ਸਰਕਾਰ ਨੇ ਬਹਾਵਲਪੁਰ ਖੇਤਰ ਵਿਚ ਜੈਸ਼ ਦੀ ਇਕ ਮਸਜਿਦ ਅਤੇ ਮਦਰਸਾ ਕੰਪਲੈਕਸ ਨੂੰ ਅਪਣੇ ਕੰਟਰੋਲ ਵਿਚ ਲਿਆ ਹੈ। ਮੀਡੀਆ ਵਿਚ ਇਸ ਕੰਪਲੈਕਸ ਨੂੰ ਮਸੂਦ ਅਜ਼ਹਰ ਦਾ ਜੇ.ਈ.ਐੱਮ. ਹੈੱਡਕੁਆਰਟਰ ਦਸਿਆ ਜਾ ਰਿਹਾ ਸੀ। ਭਾਵੇਂਕਿ ਹੁਣ ਇਮਰਾਨ ਸਰਕਾਰ ਦੇ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਇਕ ਮਦਰਸਾ ਹੈ।
ਫਵਾਦ ਚੌਧਰੀ ਨੇ ਇਕ ਵੀਡੀਓ ਮੈਸੇਜ ਜਾਰੀ ਕਰ ਕੇ ਘਟਨਾਕ੍ਰਮ ਦੀ ਸੂਚਨਾ ਦਿਤੀ। ਉਨ੍ਹਾਂ ਨੇ ਕਿਹਾ,''ਪੰਜਾਬ ਸੂਬਾਈ ਸਰਕਾਰ ਨੇ ਕੌਮੀ ਸੁਰੱਖਿਆ ਕੌਂਸਲ (ਐੱਨ.ਐੱਸ.ਸੀ.) ਬੈਠਕ ਦੌਰਾਨ ਅਤੇ ਨੈਸ਼ਨਲ ਐਕਸ਼ਲ ਪਲਾਨ (ਐੱਨ.ਏ.ਪੀ.) ਦੇ ਹਿੱਸੇ ਦੇ ਰੂਪ ਵਿਚ ਇਹ ਕਾਰਵਾਈ ਕੀਤੀ ਹੈ। ਬਹਾਵਲਪੁਰ ਵਿਚ ਮਦਰਸਾਤੁਲ ਸਾਬਰ ਅਤੇ ਜਾਮਾ-ਏ-ਮਸਜਿਦ ਸੁਭਾਨਅੱਲਾਹ ਨੂੰ ਪ੍ਰਸ਼ਾਸਕੀ ਕੰਟਰੋਲ ਵਿਚ ਲਿਆ ਗਿਆ ਹੈ। ਵੀਡੀਓ ਸੰਦੇਸ਼ ਵਿਚ ਚੌਧਰੀ ਨੇ ਕਿਹਾ ਕਿ ਐੱਨ.ਐੱਸ.ਸੀ. ਬੈਠਕ ਦੌਰਾਨ ਇਹ ਤੈਅ ਕੀਤਾ ਗਿਆ ਕਿ ਐੱਨ.ਏ.ਪੀ. ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ।
ਇਸੇ ਯੋਜਨਾ 'ਤੇ ਅੱਗੇ ਵੱਧਦਿਆਂ ਪੰਜਾਬ ਸਰਕਾਰ ਨੇ ਬਹਾਵਲਪੁਰ ਵਿਚ ਇਕ ਮਦਰਸੇ ਦਾ ਪ੍ਰਸ਼ਾਸਕੀ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ। ਇਸ ਮਦਰਸੇ ਨੂੰ ਜੈਸ਼-ਏ-ਮੁਹੰਮਦ ਦਾ ਹੈੱਡਕੁਆਰਟਰ ਦੱਸਣ 'ਤੇ ਚੌਧਰੀ ਨੇ ਸਾਰਾ ਦੋਸ਼ ਭਾਰਤੀ ਮੀਡੀਆ 'ਤੇ ਲੱਗਾ ਦਿਤਾ। ਉਨ੍ਹਾਂ ਨੇ ਕਿਹਾ,''ਇਹ ਉਹੀ ਮਦਰਸਾ ਹੈ ਜਿਸ ਦਾ ਭਾਰਤੀ ਮੀਡੀਆ ਝੂਠਾ ਪ੍ਰਚਾਰ ਕਰ ਰਿਹਾ ਹੈ ਅਤੇ ਦੋਸ਼ ਲਗਾ ਰਿਹਾ ਹੈ
ਕਿ ਇਹ ਜੇ.ਈ.ਐੱਮ. ਦਾ ਹੈੱਡਕੁਆਰਟਰ ਹੈ। ਇਸ ਝੂਠ ਦਾ ਪਰਦਾਫਾਸ਼ ਕਰਨ ਲਈ ਪੰਜਾਬ ਸਰਕਾਰ ਮੀਡੀਆ ਕਰਮੀਆਂ ਨੂੰ ਮਦਰਸੇ ਦੀ ਯਾਤਰਾ ਕਰਵਾਏਗੀ। ਇਕ ਪਾਕਿਸਤਾਨੀ ਸਮਾਚਾਰ ਏਜੰਸੀ ਨੇ ਚੌਧਰੀ ਦੇ ਬਿਆਨ ਦੇ ਆਧਾਰ 'ਤੇ ਦਾਅਵਾ ਕੀਤਾ ਕਿ ਮਦਰਸੇ ਵਿਚ ਕਰੀਬ 700 ਬੱਚੇ ਪੜ੍ਹਦੇ ਹਨ। (ਪੀਟੀਆਈ)
                    
                