
ਅਸੀਂ ਪਹਿਲਗਾਮ ’ਚ 26 ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਗਏ ਭਿਆਨਕ ਇਸਲਾਮਿਕ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ : ਗਬਾਰਡ
ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਦੀ ਕੌਮੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਭਾਲ ਲਈ ਅਮਰੀਕਾ ਭਾਰਤ ਦੇ ਨਾਲ ਖੜਾ ਹੈ। ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਖੜਾ ਹੈ ਅਤੇ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ।
ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਅਤਿਵਾਦੀਆਂ ਨੇ ਮੰਗਲਵਾਰ ਨੂੰ ਗੋਲੀਬਾਰੀ ਕੀਤੀ, ਜਿਸ ’ਚ 26 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਸਨ। ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਨਾਲ ਸਬੰਧਤ ‘ਦ ਰੈਜ਼ੀਸਟੈਂਸ ਫਰੰਟ’ (ਟੀ.ਆਰ.ਐਫ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗਬਾਰਡ ਨੇ ਕਿਹਾ, ‘‘ਅਸੀਂ ਪਹਿਲਗਾਮ ’ਚ 26 ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਗਏ ਭਿਆਨਕ ਇਸਲਾਮਿਕ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਮੇਰੀਆਂ ਪ੍ਰਾਰਥਨਾਵਾਂ ਅਤੇ ਡੂੰਘੀ ਹਮਦਰਦੀ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਅਪਣੇ ਕਿਸੇ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਸਾਰੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਅਸੀਂ ਤੁਹਾਡੇ ਨਾਲ ਹਾਂ ਅਤੇ ਇਸ ਘਿਨਾਉਣੇ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਤੁਹਾਡਾ ਸਮਰਥਨ ਕਰਦੇ ਹਾਂ।’’
ਇਸ ਤੋਂ ਪਹਿਲਾਂ ਬੁਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ ਅਤੇ ਇਸ ਘਿਨਾਉਣੇ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਭਾਰਤ ਨੂੰ ਪੂਰਾ ਸਮਰਥਨ ਦਿਤਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਟੈਮੀ ਬਰੂਸ ਨੇ ਵੀਰਵਾਰ ਨੂੰ ਕਿਹਾ ਕਿ ਜਿਵੇਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਪੱਸ਼ਟ ਕਰ ਦਿਤਾ ਹੈ ਕਿ ਅਮਰੀਕਾ ਭਾਰਤ ਦੇ ਨਾਲ ਖੜਾ ਹੈ ਅਤੇ ਅਤਿਵਾਦ ਦੀਆਂ ਸਾਰੀਆਂ ਕਾਰਵਾਈਆਂ ਦੀ ਸਖਤ ਨਿੰਦਾ ਕਰਦਾ ਹੈ। ਬਰੂਸ ਨੇ ਕਿਹਾ, ‘‘ਅਸੀਂ ਮਾਰੇ ਗਏ ਲੋਕਾਂ ਦੀ ਜ਼ਿੰਦਗੀ ਅਤੇ ਜ਼ਖਮੀਆਂ ਦੇ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ ਅਤੇ ਇਸ ਘਿਨਾਉਣੇ ਕੰਮ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਮੰਗ ਕਰਦੇ ਹਾਂ।’’
ਇਹ ਪੁੱਛੇ ਜਾਣ ’ਤੇ ਕਿ ਕੀ ਅਮਰੀਕਾ ਇਸ ਹਮਲੇ ਪਿੱਛੇ ਪਾਕਿਸਤਾਨ ਦਾ ਸੰਭਾਵਤ ਤੌਰ ’ਤੇ ਹੱਥ ਮੰਨਦਾ ਹੈ ਅਤੇ ਕੀ ਵਾਸ਼ਿੰਗਟਨ ਦੋਹਾਂ ਦਖਣੀ ਏਸ਼ੀਆਈ ਦੇਸ਼ਾਂ ਵਿਚਾਲੇ ਤਣਾਅ ਘਟਾਉਣ ਦੀ ਕੋਸ਼ਿਸ਼ ਵਿਚ ਕੋਈ ਭੂਮਿਕਾ ਨਿਭਾ ਰਿਹਾ ਹੈ, ਬਰੂਸ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਕਾਰਨ ਇਸ ਮੁੱਦੇ ਨੂੰ ਉਜਾਗਰ ਕੀਤਾ ਗਿਆ ਹੈ ਪਰ ਇਸ ਸਮੇਂ ਹੋਰ ਕੋਈ ਟਿਪਣੀ ਨਹੀਂ ਕੀਤੀ ਜਾਵੇਗੀ।