
'ਖ਼ਾਲਸਾ ਏਡ' ਬਾਰੇ ਤਾਂ ਹਰ ਕੋਈ ਜਾਣੂ ਹੈ। ਇਹ ਸਿੱਖ ਸੰਸਥਾ ਵਿਸ਼ਵ ਭਰ ਵਿਚ ਅਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਜਿੱਥੇ ਕਿਤੇ ਵੀ ਕੁਦਰਤੀ ਆਫ਼ਤ ...
ਲੰਡਨ : 'ਖ਼ਾਲਸਾ ਏਡ' ਬਾਰੇ ਤਾਂ ਹਰ ਕੋਈ ਜਾਣੂ ਹੈ। ਇਹ ਸਿੱਖ ਸੰਸਥਾ ਵਿਸ਼ਵ ਭਰ ਵਿਚ ਅਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਜਿੱਥੇ ਕਿਤੇ ਵੀ ਕੁਦਰਤੀ ਆਫ਼ਤ ਜਾਂ ਹੋਰ ਕੋਈ ਤਬਾਹੀ ਹੁੰਦੀ ਹੈ ਅਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ, ਉਥੇ ਖ਼ਾਲਸਾ ਜ਼ਰੂਰ ਲੋਕਾਂ ਦੀ ਮਦਦ ਲਈ ਪਹੁੰਚ ਜਾਂਦੀ ਹੈ ਜੋ ਉਨ੍ਹਾਂ ਦੇ ਰਹਿਣ ਸਹਿਣ ਦੇ ਨਾਲ ਨਾਲ ਖਾਣ-ਪੀਣ ਦਾ ਵੀ ਪ੍ਰਬੰਧ ਕਰਦੀ ਹੈ। ਹੁਣ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ 'ਇੰਡੀਅਨ ਆਫ ਦਿ ਈਅਰ' ਅਵਾਰਡ ਲੈਣ ਤੋਂ ਇਨਕਾਰ ਕਰ ਦਿਤਾ ਹੈ।
Ravi Singh
ਰਵੀ ਸਿੰਘ ਨੇ ਇਹ ਐਵਾਰਡ ਇਹ ਗੱਲ ਕਹਿੰਦਿਆ ਠੁਕਰਾ ਦਿਤਾ ਕਿ ਮੈਂ ਆਪਣੀ ਪਹਿਚਾਣ ਇਕ ਭਾਰਤੀ ਵਜੋਂ ਨਹੀਂ ਦਰਸਾਉਣਾ ਚਾਹੁੰਦਾ। ਦੁਨੀਆਂ ਦਾ ਕੋਈ ਵੀ ਲਾਲਚ ਮੈਨੂੰ ਮੇਰੀ ਬੁਨਿਆਦ ਪੰਜਾਬੀਅਤ ਤੋਂ ਦੂਰ ਨਹੀਂ ਕਰ ਸਕਦਾ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਅਪਣਾ ਪੱਖ ਰੱਖਦਿਆਂ ਕਿਹਾ ਕਿ ਮੈਂ ਆਪਣੇ ਆਪ ਨੂੰ ਖੁਸ਼ੀ-ਖੁਸ਼ੀ ਭਾਰਤੀ ਕਹਾਉਣਾ ਪਸੰਦ ਕਰਾਂਗਾ ਪਰ ਜੇਕਰ ਭਾਰਤ ਸਰਕਾਰ ਉਨ੍ਹਾਂ ਦੀਆ ਤਿੰਨ ਮੰਗਾਂ ਨੂੰ ਮੰਨ ਲਵੇ।
ravi singh Khalsa Aid
ਉਨ੍ਹਾਂ ਦੀ ਪਹਿਲੀ ਮੰਗ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ ਵਿਚ ਸੁੱਟ ਦਿਤਾ ਜਾਵੇ, ਜਿਨ੍ਹਾਂ ਵਿਚੋਂ ਸੱਜਣ ਕੁਮਾਰ, ਜਗਦੀਸ਼ ਟਾਇਟਲਰ ਅਤੇ ਰਮਨ ਕੁਮਾਰ ਪ੍ਰਮੁੱਖ ਹਨ। ਦੂਜੀ ਮੰਗ ਇਹ ਹੈ ਕਿ ਦਰਬਾਰ ਸਾਹਿਬ ਵਿਚ ਜੋ ਬਲੂ ਸਟਾਰ ਉਪਰੇਸ਼ਨ ਕਰਵਾਇਆ ਗਿਆ ਸੀ, ਉਸਦੇ ਬਾਰੇ ਕਿਸੇ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਉਸ ਸਮੇਂ ਮਾਰੇ ਗਏ ਬੇਨਗੁਨਾਹਾਂ ਨੂੰ ਇਨਸਾਫ਼ ਮਿਲ ਸਕੇ। 1982 ਤੋਂ 1994 ਤੱਕ ਪੰਜਾਬ ਦੇ ਨੌਜਵਾਨਾਂ ਦਾ ਜੋ ਸਰਕਾਰੀ ਏਜੰਸੀਆਂ ਅਤੇ ਪੁਲਿਸ ਵਲੋਂ ਵੱਡੀ ਪੱਧਰ 'ਤੇ ਕਤਲੇਆਮ ਕੀਤਾ ਗਿਆ, ਉਸਦੇ ਲਈ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਦਾ ਟਰਾਇਲ ਚਲਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ।
Ravi Singh
ਤੀਜੀ ਮੰਗ ਹੈ ਕਿ ਸਿੱਖ ਇਕ ਵੱਖਰੀ ਕੌਮ ਹੈ ਇਸ ਨੂੰ ਮੰਨਿਆ ਜਾਵੇ। ਰਵੀ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਇਨ੍ਹਾਂ ਤਿੰਨ ਮੰਗਾਂ ਨੂੰ ਮੰਨ ਲੈਂਦੀ ਹੈ ਤਾਂ ਮੈਂ ਫੇਸਬੁਕ 'ਤੇ ਆਪਣਾ ਨਾਮ ਰਵੀ ਸਿੰਘ ਇੰਡੀਅਨ ਰੱਖ ਲਵਾਂਗਾ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਦੇਸ਼, ਲੋਕਾਂ ਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਨਫ਼ਰਤ ਨਹੀਂ ਕਰਦੇ ਪਰ ਇਥੇ ਵਾਪਸ ਨਹੀਂ ਆ ਸਕਦੇ, ਜਿਥੇ ਉਹਨਾਂ ਦੇ ਆਪਣਿਆਂ ਨਾਲ ਧੱਕਾ ਹੋਇਆ ਹੋਵੇ।
ravi singh Khalsa Aid
ਭਾਰਤ ਦੀ ਰਾਜਨੀਤਕ ਹਾਲਤ ਬਹੁਤ ਮੰਦਭਾਗੀ ਹੈ ਕਿ ਇੱਥੇ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਪਿਛਲੇ ਸਾਲ ਇਕ ਮੈਗਜ਼ੀਨ ਵਲੋਂ ਸਰਦਾਰ ਰਵੀ ਸਿੰਘ ਨੂੰ ਇੰਟਰਨੈਸ਼ਨਲ ਸੈਨਸੇਸ਼ਨ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਸੀ। ਖ਼ਾਲਸਾ ਏਡ ਦੁਨੀਆ ਭਰ ਵਿਚ ਮਜਬੂਰ ਅਤੇ ਲੋੜਵੰਦ ਲੋਕਾਂ ਦੀ ਕਾਫ਼ੀ ਸਮੇਂ ਤੋਂ ਮਦਦ ਕਰਦੀ ਆ ਰਹੀ ਹੈ। ਇਥੋਂ ਤਕ ਕਿ ਸੀਰੀਆ ਵਰਗੇ ਜੰਗੀ ਹਾਲਾਤ ਵਰਗੇ ਦੇਸ਼ਾਂ ਵਿਚ ਖ਼ਾਲਸਾ ਏਡ ਦੇ ਨੁਮਾਇੰਦੇ ਲੋਕਾਂ ਦੀ ਮਦਦ ਕਰਦੇ ਰਹੇ ਹਨ ਅਤੇ ਕਰ ਰਹੇ ਹਨ।