
ਹਰਦੀਪ ਸਿੰਘ ਮਲਿਕ ਦਰਅਸਲ ਰਿਪੁਦਮਨ ਸਿੰਘ ਮਲਿਕ ਦੇ ਪੁਤਰ ਹਨ, ਜਿਨ੍ਹਾਂ ਦਾ ਦੋ ਸਾਲ ਪਹਿਲਾਂ ਕਤਲ ਹੋ ਗਿਆ ਸੀ।
Canada News (ਮਹਿਤਾਬ-ਉਦ-ਦੀਨ): ‘ਕੈਨੇਡਾ ’ਚ ਭਾਰਤੀ ਮੂਲ ਦੇ ਵਪਾਰੀ ਹਰਦੀਪ ਸਿੰਘ ਮਲਿਕ ਦੀ ਜਾਨ ਨੂੰ ਖ਼ਤਰਾ ਹੈ।’ ਇਹ ਚੇਤਾਵਨੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵਲੋਂ ਅਧਿਕਾਰਤ ਤੌਰ ’ਤੇ ਦਿਤੀ ਗਈ ਹੈ। ਇੰਝ ਇਸ ਨੂੰ ਕੈਨੇਡਾ ਸਰਕਾਰ ਵਲੋਂ ਦਿਤੀ ਗਈ ਚੇਤਾਵਨੀ ਹੀ ਮੰਨਿਆ ਜਾ ਰਿਹਾ ਹੈ। ਹਰਦੀਪ ਸਿੰਘ ਮਲਿਕ ਦਰਅਸਲ ਰਿਪੁਦਮਨ ਸਿੰਘ ਮਲਿਕ ਦੇ ਪੁਤਰ ਹਨ, ਜਿਨ੍ਹਾਂ ਦਾ ਦੋ ਸਾਲ ਪਹਿਲਾਂ ਕਤਲ ਹੋ ਗਿਆ ਸੀ।
ਆਰਸੀਐਮਪੀ ਨੇ ਖ਼ੁਦ ਹਰਦੀਪ ਸਿੰਘ ਮਲਿਕ ਨੂੰ ਚੇਤਾਵਨੀ ਦਿਤੀ ਹੈ ਕਿ ਉਹ ਆਪਣੀ ਸੁਰਖਿਆ ਦਾ ਖ਼ਿਆਲ ਰੱਖਣ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ‘ਰੋਜ਼ਾਨਾ ਸਪੋਕਸਮੈਨ’ ਨੂੰ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਜਦੋਂ ਹਰਦੀਪ ਸਿੰਘ ਮਲਿਕ ਅਪਣੀ ਮਾਂ ਨਾਲ ਫ਼ਰਾਂਸ ਜਾ ਰਹੇ ਸਨ, ਤਾਂ ਆਰਸੀਐਮਪੀ ਨੇ ਉਨ੍ਹਾਂ ਨੂੰ ਇਕ ਚਿੱਠੀ ਸੌਂਪ ਕੇ ਚੇਤਾਵਨੀ ਦਿਤੀ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਇਹ ਕਾਨੂੰਨ ਹੈ ਕਿ ਜੇ ਕਿਸੇ ਖ਼ੁਫ਼ੀਆ ਸੂਤਰਾਂ ਤੋਂ ਕੋਈ ਅਹਿਮ ਸੂਹ ਜਾਂ ਜਾਣਕਾਰੀ ਮਿਲੀ ਹੋਵੇ, ਤਾਂ ਉਹ ਸਬੰਧਤ ਵਿਅਕਤੀ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਸਬੰਧੀ ਰਿਪੋਰਟ ਕੈਨੇਡਾ ਦੇ ਸਰਕਾਰੀ ਟੀਵੀ ਚੈਨਲ ‘ਸੀਬੀਸੀ ਨਿਊਜ਼’ ’ਤੇ ਵੀ ਦਿਤੀ ਜਾ ਚੁਕੀ ਹੈ।
ਇਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਜੂਨ ’ਚ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ, ਜਿਸ ਦਾ ਵਿਵਾਦ ਹਾਲੇ ਤਕ ਚਲਿਆ ਆ ਰਿਹਾ ਹੈ। ਉਸ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਆਪਸੀ ਸਬੰਧਾਂ ’ਚ ਵੀ ਕੁੜੱਤਣ ਭਰ ਗਈ ਹੈ। ਨਿੱਝਰ ਕਿਉਂਕਿ ਕੈਨੇਡੀਅਨ ਨਾਗਰਿਕ ਸਨ, ਇਸੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ’ਚ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਕੋਲ ਅਜਿਹੇ ਸਬੂਤ ਹਨ ਕਿ ‘ਨਿੱਝਰ ਦੇ ਕਤਲ ਪਿਛੇ ਭਾਰਤ ਸਰਕਾਰ ਦਾ ਹੱਥ ਸੀ।’ ਭਾਰਤ ਸਰਕਾਰ ਨੇ ਅਜਿਹੇ ਸਿਧੇ ਦੋਸ਼ ਦਾ ਸਖ਼ਤ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਵਾਲੇ ‘ਫ਼ਾਈਵ ਆਈਜ਼’ ਦੇਸ਼ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪੂਰੀ ਤਰ੍ਹਾਂ ਇਕਜੁਟ ਵਿਖਾਈ ਦਿਤੇ ਸਨ। ਹਰਦੀਪ ਸਿੰਘ ਨਿੱਝਰ ਨੂੰ ਗਰਮਖਿਆਲੀ ਵਿਚਾਰਧਾਰਾ ਦਾ ਧਾਰਨੀ ਮੰਨਿਆ ਜਾਂਦਾ ਰਿਹਾ ਹੈ।
ਇਥੇ ਦਸਣਯੋਗ ਹੈ ਕਿ ਹਰਦੀਪ ਸਿੰਘ ਮਲਿਕ ਦੇ ਪਿਤਾ ਰਿਪੁਦਮਨ ਸਿੰਘ ਮਲਿਕ ਦਾ ਨਾਂਅ 23 ਜੂਨ, 1985 ਨੂੰ ਵਾਪਰੇ ਕਨਿਸ਼ਕ ਹਵਾਈ ਹਾਦਸੇ ਨਾਲ ਜੁੜਦਾ ਰਿਹਾ ਹੈ। ਇਹ ਹਵਾਈ ਜਹਾਜ਼ ਵੈਨਕੂਵਰ ਤੋਂ ਟੋਰਾਂਟੋ ਹੁੰਦਾ ਹੋਇਆ ਨਵੀਂ ਦਿੱਲੀ ਆ ਰਿਹਾ ਸੀ ਕਿ ਇਕ ਬੰਬ ਧਮਾਕੇ ਨਾਲ ਉਹ ਆਇਰਲੈਂਡ ਦੇ ਆਕਾਸ਼ ’ਤੇ ਟੋਟੇ-ਟੋਟੇ ਹੋ ਕੇ ਅੰਧ ਮਹਾਂਸਾਗਰ ’ਚ ਖਿੰਡ-ਪੁੰਡ ਗਿਆ ਸੀ। ਉਸ ਹਾਦਸੇ ਨੇ 327 ਜਾਨਾਂ ਲੈ ਲਈਆਂ ਸਨ; ਜਿਨ੍ਹਾਂ ’ਚੋਂ ਜ਼ਿਆਦਾਤਰ ਉਹ ਭਾਰਤੀ ਸਨ, ਜਿਹੜੇ ਗਰਮੀਆਂ ਦੀਆਂ ਛੁਟੀਆਂ ਮਨਾਉਣ ਲਈ ਭਾਰਤ ਜਾ ਰਹੇ ਸਨ।
ਉਸ ਹਵਾਈ ਹਾਦਸੇ ਪਿਛੇ ਸਿੱਖ ਖਾੜਕੂਆਂ ਦਾ ਹੱਥ ਮੰਨਿਆ ਜਾਂਦਾ ਰਿਹਾ ਹੈ। ਮੁੱਖ ਦੋਸ਼ ਤਲਵਿੰਦਰ ਸਿੰਘ ਪਰਮਾਰ ’ਤੇ ਹੀ ਲਗਦਾ ਰਿਹਾ ਹੈ। ਰਿਪੁਦਮਨ ਸਿੰਘ ਮਲਿਕ ਨੂੰ ਸਹਾਇਕ ਵਜੋਂ ਨਾਮਜ਼ਦ ਕੀਤਾ ਗਿਆ ਸੀ ਪਰ 2005 ’ਚ ਉਨ੍ਹਾਂ ਨੂੰ ਬਰੀ ਕਰ ਦਿਤਾ ਗਿਆ ਸੀ। ਦੋ ਵਰ੍ਹੇ ਪਹਿਲਾਂ 14 ਜੁਲਾਈ ਨੂੰ ਉਨ੍ਹਾਂ ਦਾ ਕਤਲ ਹੋ ਗਿਆ ਸੀ ਅਤੇ ਇਸ ਲਈ ‘ਹਰਦੀਪ ਸਿੰਘ ਨਿੱਝਰ ਨੂੰ ਜ਼ਿੰਮੇਵਾਰ ਸਮਝਿਆ ਗਿਆ ਸੀ।’। ਇਹ ਮੰਨਿਆ ਜਾਂਦਾ ਰਿਹਾ ਹੈ ਕਿ ‘1984 ਦੇ ਬਲੂ-ਸਟਾਰ ਆਪਰੇਸ਼ਨ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪ੍ਰਤੀਕਰਮ ਵਜੋਂ ਇਸ ਹਵਾਈ ਹਾਦਸੇ ਨੂੰ ਅੰਜਾਮ ਦਿਤਾ ਗਿਆ ਸੀ।’ (ਏਜੰਸੀ)