
ਪਾਕਿਸਤਾਨ ਤੋਂ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਹੁਣ ਨਵੀਂ ਪਹੁੰਚ ਹੈ : ਸ਼ਸ਼ੀ ਥਰੂਰ
ਨਿਊਯਾਰਕ/ਮਨਾਮਾ/ਸਿਓਲ : ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਨਿਊਯਾਰਕ ’ਚ ਕਿਹਾ ਕਿ ਪਾਕਿਸਤਾਨ ਤੋਂ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੀ ਹੁਣ ਨਵੀਂ ਪਹੁੰਚ ਹੈ ਅਤੇ ਅਜਿਹੇ ਅਪਰਾਧਾਂ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਜ਼ਾ ਦਿਤੇ ਬਿਨਾਂ ਨਹੀਂ ਛਡਿਆ ਜਾਵੇਗਾ।
ਥਰੂਰ ਨੇ ਇਹ ਟਿਪਣੀ ਗੁਆਨਾ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਅਗਵਾਈ ’ਚ ਸਰਬ ਪਾਰਟੀ ਸੰਸਦੀ ਵਫ਼ਦ ਦੇ ਅਮਰੀਕੀ ਸ਼ਹਿਰ ’ਚ ਰੁਕਣ ਤੋਂ ਬਾਅਦ ਇਕ ਭਾਈਚਾਰਕ ਪ੍ਰੋਗਰਾਮ ’ਚ ਕੀਤੀ।
ਬਹਿਰੀਨ ’ਚ ਇਕ ਹੋਰ ਭਾਰਤੀ ਸੰਸਦੀ ਵਫ਼ਦ ਨੇ ਐਤਵਾਰ ਨੂੰ ਦੇਸ਼ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਖਾਲਿਦ ਬਿਨ ਅਬਦੁੱਲਾ ਅਲ ਖਲੀਫਾ ਨੂੰ ਸਰਹੱਦ ਪਾਰ ਅਤਿਵਾਦ ਦੀ ਚੁਨੌਤੀ ਅਤੇ ਇਸ ਨਾਲ ਨਜਿੱਠਣ ਲਈ ਨਵੀਂ ਦਿੱਲੀ ਦੇ ਦ੍ਰਿੜ ਸੰਕਲਪ ਬਾਰੇ ਜਾਣਕਾਰੀ ਦਿਤੀ ।
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਰਬ ਪਾਰਟੀ ਵਫਦਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦਾ ਐਲਾਨ ਕਰਨ ਲਈ ਇਕੱਠੇ ਖੜਾ ਹੈ। ਉਨ੍ਹਾਂ ਨੇ ‘ਐਕਸ’ ਪੋਸਟ ’ਚ ਕਿਹਾ ਕਿ ਸਮੂਹਿਕ ਆਵਾਜ਼ ਅਤਿਵਾਦ ਨਾਲ ਲੜਨ ਦਾ ਮਜ਼ਬੂਤ ਸੰਦੇਸ਼ ਦੇ ਰਹੀ ਹੈ।
ਵੱਖ-ਵੱਖ ਭਾਰਤੀ ਵਫ਼ਦਾਂ ਨੇ ਦਖਣੀ ਕੋਰੀਆ ਅਤੇ ਸਲੋਵੇਨੀਆ ਦੇ ਸਿਆਸੀ ਨੇਤਾਵਾਂ ਨੂੰ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਦੀ ਬਿਲਕੁਲ ਨਾ ਬਰਦਾਸ਼ਤ ਕਰਨ ਦੀ ਨੀਤੀ ਬਾਰੇ ਜਾਣਕਾਰੀ ਦਿਤੀ।
ਥਰੂਰ ਨੇ ਸਨਿਚਰਵਾਰ ਨੂੰ ਪ੍ਰਮੁੱਖ ਭਾਰਤੀ-ਅਮਰੀਕੀ ਨੇਤਾਵਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਪਾਕਿਸਤਾਨ ਨੂੰ ਭਾਰਤ ਦਾ ਸੰਦੇਸ਼ ਸਪੱਸ਼ਟ ਹੈ ਕਿ ਅਸੀਂ ਕੁੱਝ ਵੀ ਸ਼ੁਰੂ ਨਹੀਂ ਕਰਨਾ ਚਾਹੁੰਦੇ। ਅਸੀਂ ਸਿਰਫ ਅਤਿਵਾਦੀਆਂ ਨੂੰ ਸੰਦੇਸ਼ ਭੇਜ ਰਹੇ ਸੀ।’’ ਉਨ੍ਹਾਂ ਕਿਹਾ, ‘‘ਇਹ ਹੁਣ ਇਕ ਨਵਾਂ ਨਿਯਮ ਹੋਣਾ ਚਾਹੀਦਾ ਹੈ। ਪਾਕਿਸਤਾਨ ਵਿਚ ਬੈਠੇ ਕਿਸੇ ਨੂੰ ਵੀ ਇਹ ਵਿਸ਼ਵਾਸ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ ਕਿ ਉਹ ਸਰਹੱਦ ਪਾਰ ਕਰ ਸਕਦੇ ਹਨ ਅਤੇ ਸਾਡੇ ਨਾਗਰਿਕਾਂ ਨੂੰ ਬੇਰਹਿਮੀ ਨਾਲ ਮਾਰ ਸਕਦੇ ਹਨ। ਇਸ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਇਹ ਕੀਮਤ ਯੋਜਨਾਬੱਧ ਤਰੀਕੇ ਨਾਲ ਵਧ ਰਹੀ ਹੈ।’’
ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਦੀ ਜ਼ਮੀਨ ਦੀ ਲਾਲਸਾ ਕਰਦਾ ਹੈ ਅਤੇ ਕਿਸੇ ਵੀ ਕੀਮਤ ’ਤੇ ਇਸ ਨੂੰ ਹਾਸਲ ਕਰਨਾ ਚਾਹੁੰਦਾ ਹੈ ਅਤੇ ਜੇਕਰ ਉਹ ਰਵਾਇਤੀ ਤਰੀਕਿਆਂ ਨਾਲ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਤਾਂ ਉਹ ਅਤਿਵਾਦ ਰਾਹੀਂ ਇਸ ਨੂੰ ਹਾਸਲ ਕਰਨ ਲਈ ਤਿਆਰ ਹੈ। ਇਹ ਮਨਜ਼ੂਰ ਯੋਗ ਨਹੀਂ ਹੈ ਅਤੇ ਇਹੀ ਸੰਦੇਸ਼ ਹੈ ਕਿ ਅਸੀਂ ਇਸ ਦੇਸ਼ ਅਤੇ ਹੋਰ ਥਾਵਾਂ ’ਤੇ ਤੁਹਾਨੂੰ ਸਾਰਿਆਂ ਨੂੰ ਦੇਣ ਲਈ ਇੱਥੇ ਹਾਂ।
ਥਰੂਰ ਅਤੇ ਵਫ਼ਦ ਦੇ ਹੋਰ ਮੈਂਬਰਾਂ ਨੇ ਇਕਜੁੱਟਤਾ ਦੀ ਭਾਵਨਾ ਨਾਲ ਨਿਊਯਾਰਕ ’ਚ 9/11 ਯਾਦਗਾਰ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਪਹਿਲਗਾਮ ਹਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਪਰ ਇਸ ਦਾ ਮਕਸਦ ਇਹ ਵੀ ਸੀ ਕਿ ਅਸੀਂ ਇੱਥੇ ਇਕ ਅਜਿਹੇ ਸ਼ਹਿਰ ’ਚ ਹਾਂ, ਜੋ ਅਜੇ ਵੀ ਸਾਡੇ ਅਪਣੇ ਦੇਸ਼ ’ਚ ਇਕ ਹੋਰ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਉਸ ਵਹਿਸ਼ੀ ਅਤਿਵਾਦੀ ਹਮਲੇ ਦੇ ਜ਼ਖਮ ਝੱਲ ਰਿਹਾ ਹੈ।’’
ਗੁਆਨਾ ’ਚ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਭਾਰਤੀ ਦੂਤਘਰ ਨੇ ‘ਐਕਸ’ ’ਤੇ ਕਿਹਾ ਕਿ ਇਸ ਦੀ ਯਾਤਰਾ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਭਾਰਤ ਦੇ ਸਪੱਸ਼ਟ ਸੰਦੇਸ਼ ਨੂੰ ਦਰਸਾਉਂਦੀ ਹੈ। ਭਾਰਤ ਦ੍ਰਿੜ ਹੈ ਅਤੇ ਅਤਿਵਾਦ ਵਿਰੁਧ ਸਾਡੀ ਲੜਾਈ ਵਿਚ ਇਕਜੁੱਟ ਹੈ।
ਥਰੂਰ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਕੱਲ੍ਹ ਗੁਆਨਾ ਦਾ 59ਵਾਂ ਸੁਤੰਤਰਤਾ ਦਿਵਸ ਹੈ ਅਤੇ ਅਸੀਂ ਅੱਜ ਰਾਤ ਰਾਸ਼ਟਰਪਤੀ ਦੇ ਅੱਧੀ ਰਾਤ ਦੇ ਭਾਸ਼ਣ ’ਚ ਮੌਜੂਦ ਰਹਾਂਗੇ।’’
ਬਹਿਰੀਨ ਦੀ ਰਾਜਧਾਨੀ ਮਨਾਮਾ ’ਚ ਭਾਜਪਾ ਸੰਸਦ ਮੈਂਬਰ ਬੈਜਯੰਤ ਜੈ ਪਾਂਡਾ ਦੀ ਅਗਵਾਈ ’ਚ ਵਫ਼ਦ ਨੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਖਾਲਿਦ ਬਿਨ ਅਬਦੁੱਲਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਬਹਿਰੀਨ ਦੀ ਵਿਧਾਨ ਸਭਾ ਦੇ ਉਪਰਲੇ ਸਦਨ ਸ਼ੂਰਾ ਬਹਿਰੀਨ ਦੇ ਚੇਅਰਮੈਨ ਅਲੀ ਬਿਨ ਸਾਲੇਹ ਅਲ ਸਾਲੇਹ ਅਤੇ ਪ੍ਰਤੀਨਿਧੀ ਪ੍ਰੀਸ਼ਦ ਦੇ ਪਹਿਲੇ ਡਿਪਟੀ ਸਪੀਕਰ ਅਬਦੁਲਨਬੀ ਸਲਮਾਨ ਅਹਿਮਦ ਸ਼ਾਮਲ ਸਨ। ਬਹਿਰੀਨ ’ਚ ਭਾਰਤੀ ਦੂਤਘਰ ਨੇ ਇਕ ‘ਐਕਸ’ ਪੋਸਟ ’ਚ ਕਿਹਾ ਕਿ ਭਾਰਤੀ ਵਫਦ ਨੇ ਅਤਿਵਾਦ ਵਿਰੁਧ ਲੜਨ ਅਤੇ ਦੁਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਭਾਰਤ ਦੇ ਸੰਕਲਪ ਨੂੰ ਰੇਖਾਂਕਿਤ ਕੀਤਾ।
ਵਫ਼ਦ ਨੇ ਪ੍ਰਮੁੱਖ ‘ਕਿੰਗ ਹਮਦ ਗਲੋਬਲ ਸੈਂਟਰ ਫਾਰ ਕੋ-ਹੋਂਡੈਂਸ ਐਂਡ ਟਾਲਰੈਂਸੈਂਸ’ ਵਿਖੇ ਇਕ ਸਵਾਲ-ਜਵਾਬ ਸੈਸ਼ਨ ਵੀ ਕੀਤਾ, ਜਿਸ ’ਚ ਭਾਰਤ ਦੀਆਂ ਸਹਿਣਸ਼ੀਲਤਾ ਅਤੇ ਸਦਭਾਵਨਾ ਦੀਆਂ ਕਦਰਾਂ ਕੀਮਤਾਂ ’ਤੇ ਜ਼ੋਰ ਦਿਤਾ ਗਿਆ। ਇੱਥੇ ਭਾਰਤੀ ਦੂਤਘਰ ਨੇ ਕਿਹਾ ਕਿ ਅਤਿਵਾਦ ਵਿਰੁਧ ਭਾਰਤ ਦੀ ਲੜਾਈ ਨਿਰੰਤਰ, ਦ੍ਰਿੜ ਅਤੇ ਅਟੁੱਟ ਹੈ।
ਬਹਿਰੀਨ ਵਿਚ ਅਪਣੇ ਪਹਿਲੇ ਦਿਨ ਪਾਂਡਾ ਨੇ ਬਹਿਰੀਨ ਅਤੇ ਭਾਰਤ ਵਿਚਾਲੇ ‘ਡੂੰਘੇ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਸਬੰਧਾਂ’ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, ‘‘ਮੈਂ ਬਹਿਰੀਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਸ ਨੇ ਲਗਾਤਾਰ ਸਟੈਂਡ ਲਿਆ ਹੈ। ਅਸੀਂ ਹਾਲ ਹੀ ਦੇ ਘਟਨਾਕ੍ਰਮ ਦੌਰਾਨ ਬਹਿਰੀਨ ਦੀਆਂ ਸਖਤ ਟਿਪਣੀਆਂ ਦੀ ਸੱਚਮੁੱਚ ਸ਼ਲਾਘਾ ਕਰਦੇ ਹਾਂ।’’
ਏ.ਆਈ.ਐਮ.ਆਈ.ਐਮ. ਨੇਤਾ ਅਸਦੁਦੀਨ ਓਵੈਸੀ ਨੇ ਕਿਹਾ, ‘‘ਸਾਡੀ ਸਰਕਾਰ ਨੇ ਸਾਨੂੰ ਇੱਥੇ ਭੇਜਿਆ ਹੈ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਪਾਰਟੀ ਦੇ ਸਾਰੇ ਮੈਂਬਰਾਂ ਦੇ ਕਈ ਹੋਰ ਵਫ਼ਦ ਭੇਜੇ ਹਨ ਤਾਂ ਜੋ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਭਾਰਤ ਕਿਸ ਖਤਰੇ ਦਾ ਸਾਹਮਣਾ ਕਰ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਅਤਿਵਾਦੀਆਂ ਨੇ ਭਾਰਤ ’ਚ ਬੇਕਸੂਰ ਲੋਕਾਂ ਦੀ ਹੱਤਿਆ ਨੂੰ ਜਾਇਜ਼ ਠਹਿਰਾਇਆ ਹੈ। …. ਓਵੈਸੀ ਨੇ ਕਿਹਾ ਕਿ ਸਾਡੀ ਰਾਏ ’ਚ ਪਾਕਿਸਤਾਨ ’ਚ ਅਤਿਵਾਦੀਆਂ ਅਤੇ ਆਈ.ਐਸ.ਆਈ.ਐਸ. ਤਕਫੀਰੀ ਵਿਚਾਰਧਾਰਾ ’ਚ ਕੋਈ ਫਰਕ ਨਹੀਂ ਹੈ।’’
ਦਖਣੀ ਕੋਰੀਆ ’ਚ ਜਨਤਾ ਦਲ (ਯੂ) ਦੇ ਸੰਸਦ ਮੈਂਬਰ ਸੰਜੇ ਝਾਅ ਦੀ ਅਗਵਾਈ ’ਚ ਸਰਬ ਪਾਰਟੀ ਸੰਸਦੀ ਵਫ਼ਦ ਨੇ ਐਤਵਾਰ ਨੂੰ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ ਸ਼ੁਰੂ ਕੀਤੇ ਗਏ ਫੌਜੀ ਅਭਿਆਨ ‘ਆਪਰੇਸ਼ਨ ਸਿੰਦੂਰ’ ਬਾਰੇ ਜਾਣਕਾਰੀ ਸਾਂਝੀ ਕੀਤੀ।
ਵਫ਼ਦ ਨੇ ਅਤਿਵਾਦ ਵਿਰੁਧ ਮੋਦੀ ਸਰਕਾਰ ਦੇ ਸਟੈਂਡ ਨੂੰ ਦੁਹਰਾਇਆ ਅਤੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਅਤਿਵਾਦ ਦੇ ਨਾਲ ਨਹੀਂ ਰਹਿ ਸਕਦੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ ’ਚ ਕਿਹਾ ਕਿ ਇਸ ਨੇ ਦਖਣੀ ਕੋਰੀਆ ’ਚ ਭਾਰਤੀ ਰਾਜਦੂਤ ਅਮਿਤ ਕੁਮਾਰ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਨਿਰਧਾਰਤ ਪ੍ਰੋਗਰਾਮਾਂ ਲਈ ਕੋਰੀਆ-ਵਿਸ਼ੇਸ਼ ਪਹੁੰਚ ਨੂੰ ਉਜਾਗਰ ਕੀਤਾ, ਜਿਸ ਨਾਲ ਅਤਿਵਾਦ ਵਿਰੁਧ ਭਾਰਤ ਦੇ ਜ਼ੀਰੋ ਟਾਲਰੈਂਸ ਦੇ ਰੁਖ ਦਾ ਮਜ਼ਬੂਤ ਸੰਦੇਸ਼ ਦੇਣ ਦਾ ਸੰਦਰਭ ਤੈਅ ਹੋਇਆ।
ਸਿਓਲ ’ਚ ਭਾਰਤੀ ਦੂਤਘਰ ਨੇ ਇਕ ਪੋਸਟ ’ਚ ਕਿਹਾ ਕਿ ਟੀਮ ਨੇ ਸਾਬਕਾ ਵਿਦੇਸ਼ ਮੰਤਰੀ ਯੂਨ ਯੰਗ-ਕਵਾਨ, ਸੰਸਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਉਪ ਚੇਅਰਮੈਨ ਕਿਮ ਗਨ ਅਤੇ ਸਾਬਕਾ ਉਪ ਵਿਦੇਸ਼ ਮੰਤਰੀ ਚੋ ਹਿਊਨ ਸਮੇਤ ਕੋਰੀਆ ਦੀਆਂ ਉੱਘੀਆਂ ਸ਼ਖਸੀਅਤਾਂ ਨਾਲ ਵੀ ਗੱਲਬਾਤ ਕੀਤੀ।
ਤ੍ਰਿਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਗੱਲਬਾਤ ਸ਼ਾਂਤੀ, ਖੇਤਰੀ ਸਥਿਰਤਾ ਅਤੇ ਅਤਿਵਾਦ ਦੇ ਖਤਰੇ ਨਾਲ ਨਜਿੱਠਣ ਲਈ ਬਹੁਪੱਖੀ ਯਤਨਾਂ ਨੂੰ ਮਜ਼ਬੂਤ ਕਰਨ ਦੇ ਮੁੱਦਿਆਂ ’ਤੇ ਚਰਚਾ ਹੋਈ।
ਕਤਰ ’ਚ ਐਨ.ਸੀ.ਪੀ. ਸੰਸਦ ਮੈਂਬਰ ਸੁਪ੍ਰਿਆ ਸੁਲੇ ਦੀ ਅਗਵਾਈ ’ਚ ਬਹੁ-ਪਾਰਟੀ ਵਫ਼ਦ ਨੇ ਐਤਵਾਰ ਨੂੰ ਦੋਹਾ ’ਚ ਕਤਰ ਸ਼ੂਰਾ ਕੌਂਸਲ ਦੇ ਡਿਪਟੀ ਸਪੀਕਰ ਡਾ. ਹਮਦਾ ਅਲ ਸੁਲਾਈਤੀ ਅਤੇ ਕਤਰ ਦੇ ਹੋਰ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ।
ਕਤਰ ’ਚ ਭਾਰਤੀ ਦੂਤਘਰ ਨੇ ਕਿਹਾ ਕਿ ਕਤਰ ਨੇ ਅਤਿਵਾਦ ਵਿਰੁਧ ਅਪਣੀ ਜ਼ੀਰੋ ਟਾਲਰੈਂਸ ਨੀਤੀ ’ਤੇ ਜ਼ੋਰ ਦਿਤਾ ਅਤੇ ਕਿਹਾ ਕਿ ਅਤਿਵਾਦ ਦੀ ਵਿਸ਼ਵ ਪੱਧਰ ’ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ।
ਵਫ਼ਦ ਨੇ ਕਤਰ ਦੇ ਪ੍ਰਮੁੱਖ ਅਖਬਾਰਾਂ ਦੀ ਸੰਪਾਦਕੀ ਟੀਮ ਨਾਲ ਗੱਲਬਾਤ ਕੀਤੀ ਅਤੇ ‘ਮਿਡਲ ਈਸਟ ਕੌਂਸਲ ਫਾਰ ਗਲੋਬਲ ਅਫੇਅਰਜ਼’ ਦਾ ਦੌਰਾ ਕੀਤਾ ਅਤੇ ਸਰਹੱਦ ਪਾਰ ਅਤਿਵਾਦ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਅਤੇ ਖਤਰੇ ਪ੍ਰਤੀ ਭਾਰਤ ਦੀ ਜ਼ੀਰੋ ਟਾਲਰੈਂਸ ਪਹੁੰਚ ਨੂੰ ਸਾਂਝਾ ਕੀਤਾ।
ਇਸ ਦੌਰਾਨ ਡੀ.ਐਮ.ਕੇ. ਸੰਸਦ ਮੈਂਬਰ ਕਨੀਮੋਝੀ ਕਰੁਣਾਨਿਧੀ ਦੀ ਅਗਵਾਈ ’ਚ ਸਰਬ ਪਾਰਟੀ ਵਫ਼ਦ ਭਾਰਤ ਦੇ ਸੰਦੇਸ਼ ਨੂੰ ਦੁਨੀਆਂ ਤਕ ਪਹੁੰਚਾਉਣ ਲਈ ਸਲੋਵੇਨੀਆ ਪਹੁੰਚਿਆ। ਸਾਰੇ ਵਫ਼ਦਾਂ ਨੇ ਭਾਰਤੀ ਪ੍ਰਵਾਸੀਆਂ ਨੂੰ ‘ਤਾਕਤ ਵਧਾਉਣ ਵਾਲਾ’ ਦਸਿਆ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਤਿਵਾਦ ਨਾਲ ਨਜਿੱਠਣ ਲਈ ਭਾਰਤ ਦੇ ਰੁਖ ਬਾਰੇ ਅਪਣੇ-ਅਪਣੇ ਦੇਸ਼ਾਂ ਵਿਚ ਜਨਤਕ ਰਾਏ ਅਤੇ ਸਿਆਸੀ ਰਾਏ ਨੂੰ ਸੰਵੇਦਨਸ਼ੀਲ ਬਣਾਉਣ ਵਿਚ ਮਦਦ ਕਰਨ।
ਇਹ ਵਫ਼ਦ ਉਨ੍ਹਾਂ ਸੱਤ ਬਹੁ-ਪਾਰਟੀ ਵਫ਼ਦਾਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਭਾਰਤ ਨੇ ਪਾਕਿਸਤਾਨ ਦੇ ਇਰਾਦਿਆਂ ਅਤੇ ਅਤਿਵਾਦ ਵਿਰੁਧ ਭਾਰਤ ਦੀ ਪ੍ਰਤੀਕਿਰਿਆ ਬਾਰੇ ਕੌਮਾਂਤਰੀ ਭਾਈਚਾਰੇ ਤਕ ਪਹੁੰਚ ਕਰਨ ਲਈ 33 ਵਿਸ਼ਵ ਰਾਜਧਾਨੀਆਂ ਦਾ ਦੌਰਾ ਕਰਨ ਦਾ ਕੰਮ ਸੌਂਪਿਆ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ। ਭਾਰਤ ਨੇ 7 ਮਈ ਨੂੰ ਤੜਕੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅਤਿਵਾਦੀ ਢਾਂਚੇ ’ਤੇ ਆਪਰੇਸ਼ਨ ਸਿੰਦੂਰ ਦੇ ਹਿੱਸੇ ਵਜੋਂ ਸਟੀਕ ਹਮਲੇ ਕੀਤੇ ਸਨ।
ਇਸ ਤੋਂ ਬਾਅਦ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਪੱਖ ਨੇ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਸਖ਼ਤ ਜਵਾਬ ਦਿਤਾ। 10 ਮਈ ਨੂੰ ਦੋਹਾਂ ਧਿਰਾਂ ਦੇ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ ਵਿਚਾਲੇ ਗੱਲਬਾਤ ਤੋਂ ਬਾਅਦ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਸਹਿਮਤੀ ਨਾਲ ਜ਼ਮੀਨੀ ਦੁਸ਼ਮਣੀ ਖਤਮ ਹੋ ਗਈ।