11 ਜੁਲਾਈ ਨੂੰ ਸੁਣਾਈ ਜਾਵੇਗੀ ਸਜ਼ਾ
ਲੰਡਨ: ਪਿਛਲੇ ਸਾਲ ਕੇਂਦਰੀ ਇੰਗਲੈਂਡ ’ਚ ਇਕ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰਨ ਦੇ ਜੁਰਮ ’ਚ 36 ਵਰ੍ਹਿਆਂ ਦੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿਤਾ ਗਿਆ ਹੈ। ਤੋਮਾਜ਼ ਮਾਰਗੋਲ ਨੇ 59 ਵਰ੍ਹਿਆਂ ਦੇ ਅਣਖ ਸਿੰਘ ’ਤੇ ਕਿਰਾਇਆ ਦੇਣ ਦੇ ਤਰੀਕੇ ਨੂੰ ਲੈ ਕੇ ਝਗੜਾ ਹੋਣ ’ਤੇ ਜਾਨਲੇਵਾ ਹਮਲਾ ਕਰ ਦਿਤਾ ਸੀ। ਉਸ ’ਤੇ 20 ਅਕਤੂਬਰ, 2022 ਨੂੰ ਅਣਖ ਸਿੰਘ ਨੂੰ ਮੁੱਕੇ ਮਾਰਨ, ਠੁੱਡੇ ਮਾਰਨ ਅਤੇ ਸਿਰ ਪਟਕਣ ਦਾ ਦੋਸ਼ ਹੈ ਜਿਸ ਕਾਰਨ ਅਣਖ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
9 ਐਲਮਸ ਲੇਨ, ਵੋਲਵਰਹੈਂਪਟਨ ਦੀ ਪੁਲਿਸ ਨੇ ਕਿਹਾ ਕਿ ਅਣਖ ਸਿੰਘ ਨੂੰ ਬਚਾਉਣ ਲਈ ਮੌਕੇ ’ਤੇ ਤੁਰਤ ਡਾਕਟਰੀ ਸਹਾਇਤਾ ਪੁੱਜੀ ਸੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬਾਮਫੋਰਡ ਰੋਡ ਦੇ ਵਸਨੀਕ ਮਾਰਗੋਲ ਨੂੰ ਵੋਲਵਰਹੈਂਪਟਨ ਕਰਾਊਨ ਕੋਰਟ ਨੇ 21 ਜੂਨ ਨੂੰ ਦੋਸ਼ੀ ਕਰਾਰ ਦਿਤਾ ਸੀ ਅਤੇ 11 ਜੁਲਾਈ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਅਣਖ ਸਿੰਘ ਨੇ ਮਾਰਗੋਲ ਨੂੰ ਅਪਣੀ ਟੈਕਸੀ ’ਚ ਬਿਠਾਇਆ ਸੀ, ਪਰ ਮਾਰਗੋਲ ਨੇ ਸਫ਼ਰ ਦਾ ਕਿਰਾਇਆ ਦੇਣ ਦੇ ਤਰੀਕੇ ਨੂੰ ਲੈ ਕੇ ਉਸ ਨਾਲ ਝਗੜਾ ਕਰ ਲਿਆ ਸੀ। ਝਗੜਾ ਏਨਾ ਵਧ ਗਿਆ ਕਿ ਮਾਰਗੋਲ ਅਣਖ ਸਿੰਘ ਨਾਲ ਹੱਥੋਪਾਈ ਹੋ ਪਿਆ ਅਤੇ ਉਸ ਨੂੰ ਹੇਠਾਂ ਸੁਟ ਕੇ ਉਸ ਦੇ ਮੁੱਕੇ ਅਤੇ ਠੁੱਡੇ ਮਾਰਨੇ ਸ਼ੁਰੂ ਕਰ ਦਿਤੇ।
ਪੁਲਿਸ ਨੇ ਸੀ.ਸੀ.ਟੀ.ਵੀ. ਦੀ ਮਦਦ ਨਾਲ ਮਾਰਗੋਲ ਦੀ ਪਛਾਣ ਕੀਤੀ ਅਤੇ ਉਸ ਨੂੰ ਉਸੇ ਦਿਨ ਕੁਝ ਮੀਲਾਂ ਦੀ ਦੂਰੀ ’ਤੇ ਸਥਿਤ ਉਸ ਘਰੋਂ ਗ੍ਰਿਫ਼ਤਾਰ ਕਰ ਲਿਆ।ਅਣਖ ਸਿੰਘ ਏ.ਬੀ.ਸੀ. ਕਾਰਸ ਲਈ ਇਕ ਨਿਜੀ ਡਰਾਈਵਰ ਵਜੋਂ ਕੰਮ ਕਰਦਾ ਸੀ ਅਤੇ ਪ੍ਰਵਾਰ ’ਚ ਇਕੋ-ਇਕ ਕਮਾਉਣ ਵਾਲਾ ਜੀਅ ਸੀ।
ਇੰਸਪੈਕਟਰ ਮਿਸ਼ੇਲ ਥਰਗੁਡ ਨੇ ਕਿਹਾ, ‘‘ਅਣਖ ਸਿੰਘ ਬਹੁਤ ਵਧੀਆ ਕਿਰਦਾਰ ਵਾਲਾ ਮਿਹਨਤਕਸ਼ ਬੰਦਾ ਸੀ, ਜਿਸ ਨੂੰ ਹਿੰਸਾ ਦੇ ਇਸ ਮੂਰਖਾਨਾ ਕਾਰੇ ਦਾ ਸਾਹਮਣਾ ਕਰਨਾ ਪਿਆ।’’ਅਣਖ ਸਿੰਘ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿਤਾ ਅਤੇ ਉਹ ਉਸ ਨੂੰ ਬਹੁਤ ਯਾਦ ਕਰਦੇ ਹਨ।