
ਨੌਜਵਾਨਾਂ ਦੀ ਵਿਦੇਸ਼ ਜਾ ਕੇ ਡਾਲਰ ਕਮਾਉਣ ਦੀ ਚਾਹਤ ਦਾ ਚੁੱਕਿਆ ਫ਼ਾਇਦਾ
ਵਸ਼ਿੰਗਟਨ - ਕੈਨੇਡਾ 'ਚ ਫਰਜ਼ੀ ਦਸਤਾਵੇਜ਼ਾਂ 'ਤੇ ਸਟੱਡੀ ਵੀਜ਼ਾ ਲਗਾ ਕੇ ਭੇਜਣ ਵਾਲੇ ਫਰਜ਼ੀ ਟਰੈਵਲ ਏਜੰਟ ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਦੇ ਇਕ ਅਖਬਾਰ ਨੇ ਖੁਲਾਸਾ ਕੀਤਾ ਹੈ ਕਿ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ।
ਕੈਨੇਡਾ ਬਾਰਡਰ ਸੁਰੱਖਿਆ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਕੰਪਨੀ ਨੇ ਫੜ ਲਿਆ ਹੈ। ਇਸ ਤੋਂ ਬਾਅਦ ਫਰਜੀ ਏਜੰਟ ਨੂੰ ਸੀਮਾ ਸੁਰੱਖਿਆ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ।
ਕੈਨੇਡਾ ਸੀਬੀਐੱਸਏ ਦੀ ਖੇਤਰੀ ਨਿਰਦੇਸ਼ਕ ਨੀਨਾ ਪਟੇਲ ਨੇ ਦੱਸਿਆ ਕਿ ਬ੍ਰਿਜੇਸ਼ ਮਿਸ਼ਰਾ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡਾ 'ਚ ਦਾਖਲ ਹੋਣ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਪ੍ਰਸ਼ਾਂਤ ਖੇਤਰੀ ਜਾਂਚ ਸੈਕਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਬ੍ਰਿਜੇਸ਼ ਮਿਸ਼ਰਾ ਨੂੰ ਫੜਨ ਲਈ ਸੀਬੀਐਸਏ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਪਰ ਕੈਨੇਡੀਅਨ ਕਾਨੂੰਨ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮੈਕਰੋ ਮੇਂਡੀਸੀਨੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਧੋਖੇਬਾਜ਼ਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਠੱਗੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬਿਹਾਰ ਦੇ ਦਰਭੰਗਾ ਦੇ ਥਲਵਾੜਾ ਦਾ ਰਹਿਣ ਵਾਲਾ ਬ੍ਰਿਜੇਸ਼ ਮਿਸ਼ਰਾ ਸਟੱਡੀ ਵੀਜ਼ਾ ਦੇਣ ਦਾ ਕੰਮ ਕਰਦਾ ਸੀ। ਮਿਸ਼ਰਾ ਖਿਲਾਫ਼ ਜਲੰਧਰ, ਫਰੀਦਕੋਟ ਅਤੇ ਮਲੇਰਕੋਟਲਾ ਦੇ ਵੱਖ-ਵੱਖ ਥਾਣਿਆਂ 'ਚ 10 ਤੋਂ ਵੱਧ ਮਾਮਲੇ ਦਰਜ ਹਨ। ਮਿਸ਼ਰਾ ਨੇ 2013 ਵਿਚ ਈਜ਼ੀ-ਵੇਅ ਇਮੀਗ੍ਰੇਸ਼ਨ ਕੰਸਲਟੈਂਸੀ ਨਾਮ ਨਾਲ ਆਪਣੀ ਫਰਮ ਬਣਾਈ ਸੀ। ਸਾਲ 2014 ਵਿਚ ਵੀ ਉਹ ਵਿਦਿਆਰਥੀਆਂ ਨਾਲ ਧੋਖਾਧੜੀ ਕਰਦਾ ਫੜਿਆ ਗਿਆ ਸੀ।
ਜਦੋਂ ਉਹ ਪੀੜਤ ਲੋਕਾਂ ਨਾਲ ਸਮਝੌਤਾ ਕਰਕੇ ਰਿਹਾਅ ਹੋ ਗਿਆ ਤਾਂ ਉਸ ਨੇ ਮੁੜ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦਾ ਧੰਦਾ ਸ਼ੁਰੂ ਕਰ ਦਿੱਤਾ। ਹੁਣ ਉਸ ਨੇ ਆਪਣੇ ਨਾਲ 2 ਸਾਥੀ ਗੁਰਨਾਮ ਵਾਸੀ ਚੀਮਾ ਨਗਰ ਐਕਸਟੈਨਸ਼ਨ ਜਲੰਧਰ ਅਤੇ ਰਾਹੁਲ ਵਾਸੀ ਕਬੀਰ ਐਵੀਨਿਊ (ਲੱਡੇਵਾਲੀ) ਨੂੰ ਆਪਣੇ ਨਾਲ ਬਣਾਇਆ। ਤਿੰਨਾਂ ਨੇ ਮਿਲ ਕੇ ਠੱਗੀ ਦੀ ਖੇਡ ਸ਼ੁਰੂ ਕਰ ਦਿੱਤੀ।
ਕੈਨੇਡਾ ਬਾਰਡਰ ਸਕਿਓਰਿਟੀ ਏਜੰਸੀ (ਸੀਬੀਐਸਏ) ਨੇ ਪਾਇਆ ਕਿ 2016 ਤੋਂ 2020 ਦਰਮਿਆਨ ਬ੍ਰਿਜੇਸ਼ ਮਿਸ਼ਰਾ ਦੀ ਫਰਮ ਰਾਹੀਂ ਆਏ ਲਗਭਗ 700 ਵਿਦਿਆਰਥੀਆਂ ਨੇ ਫਰਜ਼ੀ ਪੇਸ਼ਕਸ਼ ਪੱਤਰਾਂ ਦੇ ਆਧਾਰ 'ਤੇ ਆਪਣਾ ਵੀਜ਼ਾ ਹਾਸਲ ਕੀਤਾ। ਫਿਰ ਇਨ੍ਹਾਂ ਸਾਰਿਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਦਿੱਤਾ ਗਿਆ। ਭਾਵੇਂ ਹੁਣ ਕੈਨੇਡਾ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਕੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ ਪਰ ਦੇਸ਼ ਨਿਕਾਲੇ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ।
ਪੁਲਿਸ ਨੇ ਬ੍ਰਿਜੇਸ਼ ਮਿਸ਼ਰਾ ਵਾਸੀ ਤਲਵਾੜਾ ਦਰਭੰਗਾ (ਬਿਹਾਰ), ਗੁਰਨਾਮ ਵਾਸੀ ਚੀਮਾ ਨਗਰ ਐਕਸਟੈਨਸ਼ਨ ਜਲੰਧਰ ਅਤੇ ਰਾਹੁਲ ਵਾਸੀ ਕਬੀਰ ਐਵੀਨਿਊ (ਲੱਡੇਵਾਲੀ) ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੁਣ ਤੱਕ ਇਸ ਵਿਚ ਸਿਰਫ਼ ਇੱਕ ਮੁਲਜ਼ਮ ਰਾਹੁਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਮਿਸ਼ਰਾ ਕੈਨੇਡਾ ਵਿੱਚ ਫੜਿਆ ਗਿਆ ਹੈ। ਇਸ ਤੋਂ ਇਲਾਵਾ ਤਿੰਨਾਂ ਖ਼ਿਲਾਫ਼ 2021 ਅਤੇ 2022 ਵਿਚ ਫਰੀਦਕੋਟ ਦੇ ਜੈਤੋ ਅਤੇ ਮਲੇਰਕੋਟਲਾ ਵਿੱਚ ਕੇਸ ਦਰਜ ਕੀਤੇ ਗਏ ਸਨ ਪਰ ਗ੍ਰਿਫ਼ਤਾਰ ਨਹੀਂ ਹੋ ਸਕੇ।
ਕੈਨੇਡਾ 'ਚ ਸਟੱਡੀ ਵੀਜ਼ਾ 'ਤੇ ਗਏ ਵਿਦਿਆਰਥੀਆਂ ਦੇ ਜਾਅਲੀ ਦਸਤਾਵੇਜ਼ ਫੜ ਕੇ ਉਨ੍ਹਾਂ ਨੂੰ ਉਥੋਂ ਡਿਪੋਰਟ ਕੀਤਾ ਜਾ ਰਿਹਾ ਹੈ। ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਏਅਰਪੋਰਟ ਰੋਡ ਮਿਸੀਸਾਗਾ ਵਿਖੇ ਪੱਕਾ ਮੋਰਚਾ ਲਾਇਆ ਸੀ। ਵਿਦਿਆਰਥੀਆਂ ਨੇ ਉੱਥੇ ਹੀ ਖੁੱਲ੍ਹੇ ਅਸਮਾਨ ਹੇਠ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਸੀ।