
ਅਸੀਂ ਤਾਂ ਸਿਰਫ਼ ਭਾਰਤ ਤੋਂ ਜਾਂਚ ’ਚ ਸਹਿਯੋਗ ਮੰਗਿਆ ਸੀ : ਬਿਲ ਬਲੇਅਰ
ਟੋਰਾਂਟੋ: ਕੈਨੇਡਾ ਦੇ ਰਖਿਆ ਮੰਤਰੀ ਬਿਲ ਬਲੇਅਰ ਨੇ ਕੈਨੇਡੀਅਨਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਸਮੇਤ ਭਾਰਤ ਵਲੋਂ ਚੁੱਕੇ ਗਏ ਹੋਰ ਕਦਮਾਂ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਭਾਰਤ ਨੂੰ ਸਿੱਖ ਵੱਖਵਾਦੀ ਆਗੂ ਦੇ ਕਤਲ ਦੀ ਜਾਂਚ ’ਚ ਪੂਰਾ ਸਹਿਯੋਗ ਕਰਨ, ਸੱਚਾਈ ਦਾ ਪਰਦਾਫਾਸ਼ ਕਰਨ ਅਤੇ ਮਾਮਲੇ ਨੂੰ ਢੁਕਵੇਂ ਢੰਗ ਨਾਲ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ’ਚ ਹਰਦੀਪ ਸਿੰਘ ਨਿੱਝਰ (45) ਦੇ ਕਤਲ ’ਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦਾ ਸ਼ੱਕ ਪ੍ਰਗਟਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਭਾਰਤ ਨੇ 2020 ’ਚ ਨਿੱਝਰ ਨੂੰ ਅਤਿਵਾਦੀ ਐਲਾਨ ਕੀਤਾ ਸੀ।
ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਦਿਤਾ ਅਤੇ ਕੈਨੇਡਾ ਦੇ ਇਕ ਸਫ਼ੀਰ ਨੂੰ ਕੱਢ ਦਿਤਾ। ਇਸ ਤੋਂ ਪਹਿਲਾਂ ਕੈਨੇਡਾ ਨੇ ਭਾਰਤੀ ਸਫ਼ੀਰ ਨੂੰ ਕੱਢ ਦਿਤਾ ਸੀ।
ਬਲੇਅਰ ਨੇ ਐਤਵਾਰ ਨੂੰ ਸੀ.ਬੀ.ਸੀ. ਨਿਊਜ਼ ਨਾਲ ਇਕ ਇੰਟਰਵਿਊ ’ਚ, ‘‘ਸਾਡਾ ਮੰਨਣਾ ਹੈ ਕਿ ਸਾਡੇ ਕੋਲ ਬਹੁਤ ਭਰੋਸੇਯੋਗ ਖੁਫੀਆ ਜਾਣਕਾਰੀ ਹੈ ਜਿਸ ਬਾਰੇ ਅਸੀਂ ਬਹੁਤ ਚਿੰਤਤ ਹਾਂ ਅਤੇ ਆਰ.ਸੀ.ਐਮ.ਪੀ. (ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ) ਨੇ ਹੁਣ ਜਾਂਚ ਸ਼ੁਰੂ ਕਰ ਦਿਤੀ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਾਰਤ ਵਲੋਂ ਚੁੱਕੇ ਗਏ ਕੁਝ ਕਦਮਾਂ ਤੋਂ ਚਿੰਤਤ ਸਨ, ਬਲੇਅਰ ਨੇ ਕਿਹਾ, ‘‘ਮੈਂ ਉਨ੍ਹਾਂ ਕਦਮਾਂ ਨੂੰ ਲੈ ਕੇ ਚਿੰਤਤ ਹਾਂ ਜੋ ਉਹ ਚੁੱਕ ਰਹੇ ਹਨ ਕਿਉਂਕਿ ਸਾਡੇ ਦੇਸ਼ ’ਚ ਭਾਰਤੀ-ਕੈਨੇਡੀਅਨ ਆਬਾਦੀ ਬਹੁਤ ਮਹੱਤਵਪੂਰਨ ਹੈ। ਇਹ ਲੋਕ ਪਰਿਵਾਰ, ਕਾਰੋਬਾਰ ਅਤੇ ਹੋਰ ਕਾਰਨਾਂ ਕਰ ਕੇ ਭਾਰਤ ਨਾਲ ਜੁੜੇ ਹੋਏ ਹਨ।’’
ਉਨ੍ਹਾਂ ਕਿਹਾ, ‘‘ਸਾਨੂੰ ਅਤੇ ਭਾਰਤ ਸਰਕਾਰ ਨੂੰ ਸੱਚਾਈ ਦਾ ਪਤਾ ਲਗਾਉਣਾ ਚਾਹੀਦਾ ਹੈ ਅਤੇ ਇਸ ਮੁੱਦੇ ਨੂੰ ਸਹੀ ਢੰਗ ਨਾਲ ਹੱਲ ਕਰਨਾ ਚਾਹੀਦਾ ਹੈ। ਅਸੀਂ ਭਾਰਤ ’ਚ ਅਪਣੇ ਸਹਿਯੋਗੀਆਂ ਨੂੰ ਸਿਰਫ ਇਕ ਬੇਨਤੀ ਕੀਤੀ ਹੈ ਕਿ ਉਹ ਉਸ ਜਾਂਚ ’ਚ ਪੂਰਾ ਸਹਿਯੋਗ ਕਰਨ ਕਿਉਂਕਿ ਇਸ ਦਾ ਨਤੀਜਾ ਬਹੁਤ ਮਹੱਤਵਪੂਰਨ ਹੈ।’’
ਟਰੂਡੋ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਕੈਨੇਡਾ ਨੇ ‘ਕਈ ਹਫ਼ਤੇ ਪਹਿਲਾਂ’ ਭਾਰਤ ਨਾਲ ਨਿੱਝਰ ਦੇ ਕਤਲ ਦੇ ਸਬੂਤ ਸਾਂਝੇ ਕੀਤੇ ਸਨ ਅਤੇ ਉਹ ਚਾਹੁੰਦੇ ਹਨ ਕਿ ਨਵੀਂ ਦਿੱਲੀ ਤੱਥਾਂ ਨੂੰ ਸਥਾਪਤ ਕਰਨ ਲਈ ਓਟਾਵਾ ਨਾਲ ਰਚਨਾਤਮਕ ਰੂਪ ’ਚ ਨਾਲ ਕੰਮ ਕਰੇ। ਇਹ ਪੁੱਛੇ ਜਾਣ ’ਤੇ ਕਿ ਕੀ ਕੈਨੇਡਾ ਨੇ ਇਸ ਮਾਮਲੇ ’ਤੇ ਭਾਰਤ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਹੈ, ਦਿੱਲੀ ਸਥਿਤ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਕੈਨੇਡਾ ਵਲੋਂ ਇਸ ਮਾਮਲੇ ’ਤੇ ਉਦੋਂ ਜਾਂ ਪਹਿਲਾਂ ਜਾਂ ਬਾਅਦ ਤੋਂ ਕੋਈ ਖਾਸ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।’’