
ਕਿੰਗ ਚਾਰਲਸ ਨੇ ਰਿਸ਼ੀ ਸੁਨਕ ਨੂੰ ਨਿਯੁਕਤੀ ਪੱਤਰ ਸੌਂਪਿਆ ਅਤੇ ਉਸ ਨੂੰ ਨਵੀਂ ਸਰਕਾਰ ਬਣਾਉਣ ਲਈ ਕਿਹਾ।
ਲੰਡਨ: ਰਿਸ਼ੀ ਸੁਨਕ ਨੇ ਬਕਿੰਘਮ ਪੈਲੇਸ ਵਿਚ ਕਿੰਗ ਚਾਰਲਸ ਨਾਲ ਮੁਲਾਕਾਤ ਕੀਤੀ। ਹੁਣ ਸੁਨਕ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਲਿਜ਼ ਟਰਸ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਸੱਤਾ 'ਚ ਸਿਰਫ 44 ਦਿਨਾਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਿੰਗ ਨੇ ਰਿਸ਼ੀ ਸੁਨਕ ਨੂੰ ਨਿਯੁਕਤੀ ਪੱਤਰ ਸੌਂਪਿਆ ਅਤੇ ਉਸ ਨੂੰ ਨਵੀਂ ਸਰਕਾਰ ਬਣਾਉਣ ਲਈ ਕਿਹਾ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਵਿਚ ਸੁਨਕ ਨੇ ਕਿਹਾ, "ਸਾਡਾ ਦੇਸ਼ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਮੁਸ਼ਕਲ ਫੈਸਲੇ ਲਏ ਜਾਣਗੇ"। ਕਿੰਗ ਚਾਰਲਸ ਨਾਲ ਮੁਲਾਕਾਤ ਤੋਂ ਬਾਅਦ ਰਿਸ਼ੀ ਸੁਨਕ ਨੇ ਕਿਹਾ, "ਇਸ ਸਮੇਂ ਸਾਡਾ ਦੇਸ਼ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਯੂਕਰੇਨ ਵਿਚ ਪੁਤਿਨ ਦੀ ਲੜਾਈ ਨੇ ਦੁਨੀਆ ਭਰ ਦੇ ਬਾਜ਼ਾਰਾਂ ਨੂੰ ਅਸਥਿਰ ਕਰ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਆਰਥਿਕ ਲਈ ਕੰਮ ਕਰਨਾ ਗਲਤ ਨਹੀਂ ਸੀ। ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਹਾਂ ਪਰ ਕੁਝ ਗਲਤੀਆਂ ਕੀਤੀਆਂ ਗਈਆਂ ਸਨ। ਬੁਰੇ ਇਰਾਦਿਆਂ ਨਾਲ ਨਹੀਂ ਪਰ ਗਲਤੀਆਂ ਹੋਈਆਂ, ਅਸੀਂ ਇਹਨਾਂ ਨੂੰ ਸੁਧਾਰਾਂਗੇ”।
ਸੁਨਕ ਨੇ ਅੱਗੇ ਕਿਹਾ- ਮੈਂ ਇਸ ਦੇਸ਼ ਨੂੰ ਫਿਰ ਤੋਂ ਜੋੜਾਂਗਾ। ਮੈਂ ਸਿਰਫ ਇਹ ਕਹਿ ਨਹੀਂ ਰਿਹਾ, ਸਗੋਂ ਕਰ ਕੇ ਵੀ ਦਿਖਾਵਾਂਗਾ। ਮੈਂ ਤੁਹਾਡੇ ਲਈ ਦਿਨ ਰਾਤ ਕੰਮ ਕਰਾਂਗਾ। ਉਹਨਾਂ ਅੱਗੇ ਕਿਹਾ- 2019 ਵਿਚ ਕੰਜ਼ਰਵੇਟਿਵ ਪਾਰਟੀ ਨੂੰ ਸਮਰਥਨ ਮਿਲਿਆ ਹੈ। ਇਹ ਇਕ ਵਿਅਕਤੀ ਲਈ ਨਹੀਂ ਸੀ। ਸਿਹਤ, ਸਰਹੱਦੀ ਸੁਰੱਖਿਆ ਅਤੇ ਹਥਿਆਰਬੰਦ ਬਲਾਂ ਲਈ ਕੰਮ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅੱਜ ਸਾਡੇ ਸਾਹਮਣੇ ਕਈ ਚੁਣੌਤੀਆਂ ਹਨ। ਮੈਂ ਚਾਂਸਲਰ ਵਜੋਂ ਕੀਤੇ ਕੰਮ ਨੂੰ ਜਾਰੀ ਰੱਖਾਂਗਾ। ਦੇਸ਼ ਦੇ ਲੋਕਾਂ ਦੀ ਭਲਾਈ ਨੂੰ ਰਾਜਨੀਤੀ ਤੋਂ ਉਪਰ ਰੱਖਣਾ ਚਾਹੀਦਾ ਹੈ। ਤੁਹਾਡਾ ਗੁਆਚਿਆ ਆਤਮ ਵਿਸ਼ਵਾਸ ਵਾਪਿਸ ਆਵੇਗਾ। ਰਾਸਤਾ ਔਖਾ ਹੈ ਪਰ ਅਸੀਂ ਫ਼ਾਸਲਾ ਤੈਅ ਕਰਾਂਗੇ।