
ਗਾਜ਼ਾ ’ਚ ਜੰਗ ਸਿਰਫ਼ ਸਾਡੀ ਨਹੀਂ ਬਲਕਿ ਆਜ਼ਾਦ ਦੁਨੀਆਂ ਦੀ ਜੰਗ ਹੈ : ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ
- ਕਿਹਾ, ਅੱਜ ਇਜ਼ਰਾਈਲ ’ਤੇ ਹਮਲਾ ਹੋਇਆ ਹੈ ਅਤੇ ਕਲ ਹਮਾਸ ਅਤੇ ਉਸ ਦੇ ਹਮਲਾਵਰ ਪਛਮੀ ਦੇਸ਼ਾਂ ਤੋਂ ਲੈ ਕੇ ਦੁਨੀਆਂ ਦੇ ਹਰ ਇਲਾਕੇ ਨੂੰ ਨਿਸ਼ਾਨਾ ਬਣਾਉਣਗੇ
- ਕੌਮਾਂਤਰੀ ਕਾਨੂੰਨ ਹੇਠ ਇਜ਼ਰਾਈਲੀ ਹਮਲਿਆਂ ਨੂੰ ਰੋਕਣਾ ਸਾਡਾ ਸਮੂਹਕ ਮਨੁੱਖਤਾਵਾਦੀ ਫ਼ਰ਼ਜ ਹੈ : ਫ਼ਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਅਲ-ਮਲਿਕੀ
ਸੰਯੁਕਤ ਰਾਸ਼ਟਰ: ਇਜ਼ਰਾਈਲ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਇਕ ਉੱਚ ਪੱਧਰੀ ਬੈਠਕ ’ਚ ਹਮਾਸ ਨੂੰ ਤਬਾਹ ਕਰਨ ਦਾ ਅਹਿਦ ਦੁਹਰਾਇਆ ਅਤੇ ਸੰਯੁਕਤ ਰਾਸ਼ਟਰ ਮੁਖੀ, ਫ਼ਲਸਤੀਨੀਆਂ ਅਤੇ ਕਈ ਦੇਸ਼ਾਂ ਦੇ ਸੰਘਰਸ਼-ਵਿਰਾਮ ਦੇ ਸੱਦੇ ਨੂੰ ਨਕਾਰ ਦਿਤਾ। ਉਸ ਨੇ ਕਿਹਾ ਕਿ ਗਾਜ਼ਾ ’ਚ ਜੰਗ ਨਾ ਸਿਰਫ਼ ਉਸ ਦਾ, ਬਲਕਿ ‘ਆਜ਼ਾਦ ਦੁਨੀਆਂ ਦਾ ਜੰਗ ਹੈ।’ ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਸੱਤ ਅਕਤੂਬਰ ਨੂੰ ਇਜ਼ਰਾਈਲ ’ਤੇ ਹਮਾਸ ਦੇ ਅਚਾਨਕ ਹਮਲੇ ਤੋਂ ਬਾਅਦ ਦੇਸ਼ ਵਲੋਂ ਜਵਾਬੀ ਕਾਰਵਾਈ ’ਚ ‘ਸੰਜਮ ਵਰਤਣ’ ਦੀ ਅਪੀਲ ਨੂੰ ਖ਼ਾਰਜ ਕਰ ਦਿਤਾ। ਇਜ਼ਰਾਈਲ ’ਤੇ ਹਮਾਸ ਦੇ ਹਮਲੇ ’ਚ ਹੁਣ ਤਕ ਲਗਭਗ 1400 ਲੋਕ ਮਾਰੇ ਗਏ ਹਨ। ਜਦਕਿ ਗਾਜ਼ਾ ਦੇ ਸਿਹਤ ਮੰਤਰਾਲੇ ਅਨੁਸਾਰ ਇਲਾਕੇ ’ਚ 5700 ਤੋਂ ਵੱਧ ਫ਼ਲਸਤੀਨੀ ਨਾਗਰਿਕਾਂ ਦੀ ਮੌਤ ਹੋਈ ਹੈ।
ਕੋਹੇਨ ਨੇ ਕਿਹਾ, ‘‘ਤੁਸੀਂ ਦੱਸੋ ਕਿ ਬੱਚਿਆਂ ਦਾ ਕਤਲ, ਔਰਤਾਂ ਨਾਲ ਬਲਾਤਕਾਰ ਅਤੇ ਉਨ੍ਹਾਂ ਨੂੰ ਸਾੜ ਦੇਣਾ, ਇਕ ਬੱਚੇ ਦਾ ਸਿਰ ਵੱਢਣ ਦੇ ਜਵਾਬ ’ਚ ਸੰਜਮ ਭਰੀ ਕਾਰਵਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ?’’ ਉਨ੍ਹਾਂ ਕਿਹਾ, ‘‘ਤੁਸੀਂ ਕਿਸ ਤਰ੍ਹਾਂ ਅਜਿਹੇ ਵਿਅਕਤੀ ਨਾਲ ਸੰਘਰਸ਼ ਰੋਕਣ ਲਈ ਸਹਿਮਤ ਹੋ ਸਕਦੇ ਹੋ, ਜਿਸ ਨੇ ਤੁਹਾਡੀ ਹੋਂਦ ਨੂੰ ਮਿਟਾਉਣ ਅਤੇ ਨਸ਼ਟ ਕਰਨ ਦਾ ਅਹਿਦ ਪ੍ਰਗਟਾਇਆ ਹੋਵੇ?’’
ਕੋਹੇਨ ਨੇ ਹਮਾਸ ਨੂੰ ‘ਨਵਾਂ ਨਾਜ਼ੀ’ ਕਰਾਰ ਦਿੰਦਿਆਂ ਸੰਯੁਕਤ ਰਾਸ਼ਟਰ ਸੁਰਖਿਆ ਕੌਂਸਲ ਨੂੰ ਕਿਹਾ ਕਿ 7 ਅਕਤੂਬਰ ਦੇ ਹਮਲੇ ਵਿਰੁਧ ਸੰਜਮ ਭਰੀ ਕਾਰਵਾਈ ‘ਹਮਾਸ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨਾ ਹੈ।’ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘ਹਮਾਸ ਨੂੰ ਨਸ਼ਟ ਕਰਨਾ ਸਿਰਫ਼ ਇਜ਼ਰਾਈਲ ਦਾ ਹੱਕ ਨਹੀਂ ਹੈ। ਇਹ ਸਾਡਾ ਫ਼ਰਜ਼ ਹੈ।’
ਕੋਹੇਨ ਨੇ ਸੱਤ ਅਕਤੂਬਰ ਦੇ ਹਮਲਿਆਂ ਨੂੰ ਕੱਟੜਪੰਥ ਵਿਰੁਧ ‘ਪੂਰੀ ਆਜ਼ਾਦ ਦੁਨੀਆਂ ਲਈ ਇਕ ਚੇਤਾਵਨੀ’ ਦਸਿਆ ਅਤੇ ‘ਸਭਿਅ ਦੁਨੀਆਂ ’ਚੋਂ ਹਮਾਸ ਨੂੰ ਹਰਾਉਣ ਲਈ ਇਜ਼ਰਾਈਲ ਨਾਲ ਇਕਜੁਟ ਹੋਣ ਦਾ ਸੱਦਾ ਦਿਤਾ।’
ਉਨ੍ਹਾਂ ਚੌਕਸ ਕੀਤਾ ਕਿ ਅੱਜ ਇਜ਼ਰਾਈਲ ’ਤੇ ਹਮਲਾ ਹੋਇਆ ਹੈ ਅਤੇ ਕਲ ਹਮਾਸ ਅਤੇ ਉਸ ਦੇ ਹਮਲਾਵਰ ਪਛਮੀ ਦੇਸ਼ਾਂ ਤੋਂ ਲੈ ਕੇ ਦੁਨੀਆਂ ਦੇ ਹਰ ਇਲਾਕੇ ਨੂੰ ਨਿਸ਼ਾਨਾ ਬਣਾਉਣਗੇ। ਕੋਹੇਨ ਨੇ ਕਤਰ ’ਤੇ ਹਮਾਸ ਨੂੰ ਪੈਸੇ ਦੇਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਬੰਧਕ ਬਣਾਏ ਇਜ਼ਰਾਈਲ ਦੇ 200 ਤੋਂ ਵੱਧ ਲੋਕਾਂ ਦੀ ਕਿਸਮਤ ਉਸ ਦੇ (ਕਤਰ ਦੇ) ਅਮੀਰਾਂ ਦੇ ਹੱਥਾਂ ’ਚ ਸੀ।
ਦੂਜੇ ਪਾਸੇ ਫ਼ਲਸਤੀਨ ਦੇ ਵਿਦੇਸ਼ ਮੰਤਰੀ ਰਿਆਦ ਅਲ-ਮਲਿਕੀ ਨੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘20 ਲੱਖ ਤੋਂ ਵੱਧ ਫ਼ਲਸਤੀਨੀ ਹਰ ਦਿਨ, ਹਰ ਰਾਤ ਜਿਊਂਦਾ ਰਹਿਣ ਲਈ ਸੰਘਰਸ਼ ਕਰ ਰਹੇ ਹਨ। ਕੌਮਾਂਤਰੀ ਕਾਨੂੰਨ ਹੇਠ ਉਨ੍ਹਾਂ (ਇਜ਼ਰਾਈਲੀ ਹਮਲਿਆਂ ਨੂੰ) ਰੋਕਣਾ ਸਾਡਾ ਸਮੂਹਕ ਮਨੁੱਖਤਾਵਾਦੀ ਫ਼ਰ਼ਜ ਹੈ।’’ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਦਹਾਕਿਆਂ ਪੁਰਾਣੇ ਇਜ਼ਰਾਈਲ-ਫਲਸਤੀਨ ਸੰਘਰਸ਼ ’ਤੇ ਮਹੀਨਾਵਾਰ ਮੀਟਿੰਗ ਦੀ ਸ਼ੁਰੂਆਤ ਕੀਤੀ, ਜਿਸ ’ਚ ਕਈ ਦੇਸ਼ਾਂ ਨੇ ਹਿੱਸਾ ਲਿਆ। ਇਸ ’ਚ ਜੰਗ ਦੀਆਂ ਪ੍ਰਮੁੱਖ ਧਿਰਾਂ ਵੀ ਸ਼ਾਮਲ ਸਨ। ਇਨ੍ਹਾਂ ਦੇਸ਼ਾਂ ਨੇ ਚੇਤਾਵਨੀ ਦਿਤੀ ਹੈ ਕਿ ਪਛਮੀ ਏਸ਼ੀਆ ਦੀ ਸਥਿਤੀ ‘ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ।’ ਗੁਤਾਰੇਸ ਨੇ ਜ਼ੋਰ ਦਿਤਾ ਕਿ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਇਜ਼ਰਾਈਲ ਨੇ ਹਮਾਸ ਨੂੰ ਲੈ ਕੇ ਟਿਪਣੀ ’ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦਾ ਅਸਤੀਫ਼ਾ ਮੰਗਿਆ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਮੁਖੀ ਐਂਤੋਨੀਓ ਗੁਤਾਰੇਸ ਨੇ ਸੁਰਖਿਆ ਕੌਂਸਲ ਦੀ ਬੈਠਕ ’ਚ ਕਿਹਾ ਕਿ ਹਮਾਸ ਨੇ ਇਜ਼ਰਾਈਲ ’ਤੇ ਹਮਲੇ ‘ਬਗ਼ੈਰ ਕਿਸੇ ਕਾਰਨ ਤੋਂ’ ਨਹੀਂ ਕੀਤਾ ਹੈ। ਉਨ੍ਹਾਂ ਦੀ ਇਸ ਟਿਪਣੀ ਤੋਂ ਇਜ਼ਰਾਈਲ ਨਾਰਾਜ਼ ਹੋ ਗਿਆ ਅਤੇ ਉਸ ਨੇ ਸੰਯੁਕਤ ਰਾਸ਼ਟਰ ਮੁਖੀ ਤੋਂ ਅਸਤੀਫ਼ਾ ਅਤੇ ਮਾਫ਼ੀ ਦੀ ਮੰਗ ਕੀਤੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਨੇ ਸੁਰਿਖਆ ਕੌਂਸਲ ਦੀ ਮੰਤਰੀ ਪੱਧਰੀ ਬੈਠਕ ’ਚ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਮੰਗਲਵਾਰ ਦੁਪਹਿਰ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ’ਚ ਗੁਤਾਰੇਸ ਨਾਲ ਮੁਲਾਕਾਤ ਕਰਨੀ ਸੀ। ਕੋਹੇਨ ਨੇ ਉਨ੍ਹਾਂ ਨਾਲ ਅਪਣੀ ਮੁਲਾਕਾਤ ਨੂੰ ਰੱਦ ਕਰ ਦਿਤਾ ਅਤੇ ਉਨ੍ਹਾਂ ’ਤੇ ਅਤਿਵਾਦ ਨੂੰ ‘ਬਰਦਾਸ਼ਤ ਕਰਨ ਅਤੇ ਜਾਇਜ਼ ਠਹਿਰਾਉਣ’ ਦਾ ਦੋਸ਼ ਲਾਇਆ।
ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਸੀ, ‘‘ਇਹ ਵੀ ਮੰਨਣਾ ਮਹੱਤਵਪੂਰਨ ਹੈ ਕਿ ਹਮਾਸ ਵਲੋਂ ਕੀਤੇ ਗਏ ਹਮਲੇ ਬਗ਼ੈਰ ਕਿਸੇ ਕਾਰਨ ਨਹੀਂ ਹੋਏ। ਫ਼ਲਸਤੀਨ ਦੇ ਲੋਕਾਂ ਨੂੰ 56 ਸਾਲਾਂ ਤੋਂ ਘੁਟਨ ਭਰੇ ਕਬਜ਼ੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਗੁਤਾਰੇਸ ਨੇ ਕਿਹਾ, ‘‘ਉਨ੍ਹਾਂ ਨੇ ਅਪਣੀ ਜ਼ਮੀਨ ਨੂੰ ਲਗਾਤਾਰ (ਯਹੂਦੀ) ਬਸਤੀਆਂ ਵਲੋਂ ਹੜੱਪਣ ਅਤੇ ਹਿੰਸਾ ਨਾਲ ਗ੍ਰਸਤ ਹੁੰਦੇ ਵੇਖਿਆ ਹੈ। ਉਨ੍ਹਾਂ ਦੀ ਅਰਥਵਿਵਸਥਾ ਤਹਿਸ-ਨਹਿਸ ਹੋ ਗਈ। ਉਨ੍ਹਾਂ ਦੇ ਲੋਕ ਉੱਜੜ ਗਏ ਅਤੇ ਉਨ੍ਹਾਂ ਦੇ ਘਰ ਢਾਹ ਦਿਤੇ ਗਏ। ਅਪਣੀ ਦੁਰਦਸ਼ਾ ਦੇ ਸਿਆਸੀ ਹੱਲ ਦੀਆਂ ਉਨ੍ਹਾਂ ਦੀਆਂ ਉਮੀਦਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਪਰ ਫ਼ਲਸਤੀਨੀਆਂ ਦੀਆਂ ਸ਼ਿਕਾਇਤਾਂ ਨੂੰ ਹਮਾਸ ਦੇ ਭਿਆਨਕ ਹਮਲਿਆਂ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਉਹ ਭਿਆਨਕ ਹਮਲੇ ਫ਼ਲਸਤੀਨੀ ਲੋਕਾਂ ਦੀ ਸਮੂਹਕ ਸਜ਼ਾ ਨੂੰ ਜਾਇਜ਼ ਨਹੀਂ ਠਹਿਰਾ ਸਕਦੇ।’’ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕੋਹੇਨ ਨੇ ਕਿਹਾ ਕਿ ਉਹ, ‘‘ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨਾਲ ਨਹੀਂ ਮਿਲਣਗੇ। 7 ਅਕਤੂਬਰ ਦੇ ‘ਕਤਲੇਆਮ’ ਤੋਂ ਬਾਅਦ ਸੰਤੁਲਿਤ ਦ੍ਰਿਸ਼ਟੀਕੋਣ ਲਈ ਕੋਈ ਥਾਂ ਨਹੀਂ ਹੈ। ਹਮਾਸ ਨੂੰ ਧਰਤੀ ਤੋਂ ਮਿਟਾ ਦੇਣਾ ਚਾਹੀਦਾ ਹੈ।’’
ਸੰਯੁਕਤ ਰਾਸ਼ਟਰ ’ਚ ਇਜ਼ਰਾਈਲ ਦੇ ਸਫ਼ੀਰ, ਗਿਲਾਡ ਏਰਡਨ ਨੇ ਬਾਅਦ ’ਚ ਕਿਹਾ, ‘‘ਸ੍ਰੀਮਾਨ ਸਕੱਤਰ-ਜਨਰਲ, ਤੁਸੀਂ ਸਾਰੀ ਨੈਤਿਕਤਾ ਅਤੇ ਨਿਰਪੱਖਤਾ ਗੁਆ ਚੁੱਕੇ ਹੋ। ਜਦੋਂ ਤੁਸੀਂ ਇਹ ਭਿਆਨਕ ਸ਼ਬਦ ਕਹਿੰਦੇ ਹੋ ਕਿ ਇਹ ਘਿਨਾਉਣੇ ਹਮਲੇ ਬਿਨਾਂ ਭੜਕਾਹਟ ਦੇ ਨਹੀਂ ਹਨ, ਤੁਸੀਂ ਅਤਿਵਾਦ ਨੂੰ ਬਰਦਾਸ਼ਤ ਕਰ ਰਹੇ ਹੋ ਅਤੇ ਅਤਿਵਾਦ ਨੂੰ ਬਰਦਾਸ਼ਤ ਕਰ ਕੇ ਤੁਸੀਂ ਅਤਿਵਾਦ ਨੂੰ ਜਾਇਜ਼ ਠਹਿਰਾ ਰਹੇ ਹੋ। ਮੈਨੂੰ ਲੱਗਦਾ ਹੈ ਕਿ ਜਨਰਲ ਸਕੱਤਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਸੀਂ ਉਸ ਤੋਂ ਮੁਆਫੀ ਦੀ ਮੰਗ ਕਰਦੇ ਹਾਂ।’’