
ਸਵੀਡਨ ਦੀ 349 ਮੈਂਬਰੀ ਸੰਸਦ ’ਚ 117 ਸਾਂਸਦਾਂ ਨੇ ਐਂਡਰਸਨ ਦੇ ਪੱਖ ਵਿਚ ਜਦਕਿ 174 ਨੇ ਵਿਰੋਧ ਵਿਚ ਵੋਟਾਂ ਪਈਆਂ।
ਕੋਪਨਹੇਗਨ: ਸਵੀਡਨ ਦੀ ਸੰਸਦ ਨੇ ਬੁੱਧਵਾਰ ਨੂੰ ਮੈਗਡਾਲੇਨਾ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣ ਲਿਆ। ਇਹ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ। ਐਂਡਰਸਨ ਨੂੰ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਹੈ। ਉਹ ਸਟੀਫ਼ਨ ਲੋਫ਼ਵੇਨ ਦੀ ਜਗ੍ਹਾ ਲਵੇਗੀ, ਜਿਸ ਨੇ ਇਸ ਸਾਲ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਜੋਫ਼ਵੇਨ ਇਸ ਸਮੇਂ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।
Magdalena Andersson
ਐਂਡਰਸਨ ਪਹਿਲਾਂ ਵਿੱਤ ਮੰਤਰੀ ਸੀ। ਸਵੀਡਨ ਨੂੰ ਲਿੰਗੀ ਸਮਾਨਤਾ ਮਾਮਲੇ ਵਿਚ ਯੂਰਪ ਦੇ ਸੱਭ ਤੋਂ ਵੱਧ ਪ੍ਰਗਤੀਸ਼ੀਲ ਦੇਸ਼ਾਂ ਵਿਚੋਂ ਸ਼ਾਮਲ ਕੀਤਾ ਜਾਂਦਾ ਹੈ ਪਰ ਹੁਣ ਤਕ ਕਿਸੇ ਵੀ ਔਰਤ ਨੂੰ ਦੇਸ਼ ਦੀ ਵਾਗਡੋਰ ਨਹੀਂ ਦਿਤੀ ਗਈ ਸੀ। ਅਜਿਹੇ ’ਚ ਇਸ ਘਟਨਾਕ੍ਰਮ ਨੂੰ ਸਵੀਡਨ ਲਈ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ।
Magdalena Andersson
ਐਂਡਰਸਨ ਦਾ ਸਮਰਥਨ ਕਰਨ ਵਾਲੀ ਆਜ਼ਾਦ ਸੰਸਦ ਮੈਂਬਰ ਅਮੀਨਾ ਕਾਕਾਬਾਵੇਹ ਨੇ ਸਵੀਡਨ ਦੀ ਸੰਸਦ ਵਿਚ ਆਪਣੇ ਭਾਸ਼ਣ ’ਚ ਕਿਹਾ ਕਿ ਜੇਕਰ ਔਰਤਾਂ ਸਿਰਫ਼ ਵੋਟਿੰਗ ਕਰਦੀਆਂ ਰਹਿਣ ਅਤੇ ਉੱਚ ਅਹੁਦੇ ਲਈ ਚੁਣੀਆਂ ਨਾ ਜਾਣ ਤਾਂ ਲੋਕਤੰਤਰ ਸੰਪੂਰਨ ਨਹੀਂ ਹੋ ਸਕਦਾ।
Magdalena Andersson
ਸਵੀਡਨ ਦੀ 349 ਮੈਂਬਰੀ ਸੰਸਦ ’ਚ 117 ਸਾਂਸਦਾਂ ਨੇ ਐਂਡਰਸਨ ਦੇ ਪੱਖ ਵਿਚ ਜਦਕਿ 174 ਨੇ ਵਿਰੋਧ ਵਿਚ ਵੋਟਾਂ ਪਈਆਂ। 57 ਸੰਸਦ ਮੈਂਬਰਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ ਜਦਕਿ ਇਕ ਸੰਸਦ ਮੈਂਬਰ ਗ਼ੈਰ-ਹਾਜ਼ਰ ਰਿਹਾ। ਕੁੱਲ ਮਿਲਾ ਕੇ 174 ਸੰਸਦ ਮੈਂਬਰਾਂ ਨੇ ਐਂਡਰਸਨ ਵਿਰੁਧ ਵੋਟ ਪਾਈ ਪਰ ਸਵੀਡਿਸ਼ ਸੰਵਿਧਾਨ ਮੁਤਾਬਕ ਜੇਕਰ ਘੱਟੋ-ਘੱਟ 175 ਸੰਸਦ ਮੈਂਬਰ ਕਿਸੇ ਵਿਅਕਤੀ ਵਿਰੁਧ ਨਹੀਂ ਹਨ ਤਾਂ ਉਸਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ।