
ਕਥਿਤ ਤੌਰ 'ਤੇ ਕਤਲ ਕਰਨ ਤੋਂ ਬਾਅਦ ਉਹ ਭਾਰਤ ਭੱਜ ਗਿਆ ਸੀ
ਨਵੀਂ ਦਿੱਲੀ - ਆਸਟ੍ਰੇਲੀਆਈ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਕੀਤਾ ਕਿ ਕੁਈਨਜ਼ਲੈਂਡ ਦੇ ਇੱਕ ਬੀਚ 'ਤੇ 2018 ਵਿੱਚ 24 ਸਾਲਾ ਟੋਯਾਹ ਕੋਰਡਿੰਗਲੇ ਦੀ ਹੱਤਿਆ ਦੇ ਕਥਿਤ ਦੋਸ਼ੀ ਪੰਜਾਬੀ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਪੰਜਾਬੀ ਦਾ ਨਾਂਅ ਰਾਜਵਿੰਦਰ ਸਿੰਘ ਪਤਾ ਲੱਗਿਆ ਹੈ, ਅਤੇ ਕੁਈਨਜ਼ਲੈਂਡ ਪੁਲਿਸ ਨੇ ਕਿਹਾ ਹੈ ਕਿ ਰਾਜਵਿੰਦਰ ਸਿੰਘ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਛੇਤੀ ਹੀ ਹਵਾਲਗੀ ਅਦਾਲਤ ਵਿੱਚ ਸੁਣਵਾਈ ਦਾ ਸਾਹਮਣਾ ਕਰ ਸਕਦਾ ਹੈ। ਉਸ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਆਸਟ੍ਰੇਲੀਆਈ ਪੁਲਿਸ ਨੇ 3 ਨਵੰਬਰ ਨੂੰ ਇਨਿਸਫੈਲ ਵਿੱਚ ਨਰਸ ਵਜੋਂ ਕੰਮ ਕਰਨ ਵਾਲੇ ਸ਼ੱਕੀ ਰਾਜਵਿੰਦਰ ਸਿੰਘ (38) ਦੀ ਜਾਣਕਾਰੀ ਦੇਣ ਵਾਲੇ ਲਈ ਰਿਕਾਰਡ 1 ਮਿਲੀਅਨ ਡਾਲਰ (5.31 ਕਰੋੜ ਰੁਪਏ) ਇਨਾਮ ਦਾ ਐਲਾਨ ਕੀਤਾ ਸੀ। ਕਥਿਤ ਤੌਰ 'ਤੇ ਟੋਯਾਹ ਕੋਰਡਿੰਗਲੇ ਦਾ ਕਤਲ ਕਰਨ ਤੋਂ ਬਾਅਦ ਉਹ ਭਾਰਤ ਭੱਜ ਗਿਆ ਸੀ।
23 ਅਕਤੂਬਰ 2018 ਨੂੰ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਪਿੱਛੇ ਛੱਡ ਕੇ ਜਦੋਂ ਉਹ ਭਾਰਤ ਲਈ ਉਡਾਣ ਲੈਣ ਜਾ ਰਿਹਾ ਸੀ, ਤਾਂ ਪੁਲਿਸ ਨੇ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਉਸ ਦੇ ਭਰਾ ਨੇ ਪਹਿਲਾਂ ਮੰਨਿਆ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉੱਤਰਿਆ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ। ਉਦੋਂ ਤੋਂ ਬਾਅਦ ਉਸ ਬਾਰੇ ਬਹੁਤ ਘੱਟ ਜਾਣਕਾਰੀ ਹਾਸਲ ਹੋਈ।
ਲਗਭਗ ਦੋ ਦਹਾਕੇ ਪਹਿਲਾਂ ਰਾਜਵਿੰਦਰ ਆਪਣੇ ਪਰਿਵਾਰ ਨਾਲ ਕੁਈਨਜ਼ਲੈਂਡ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਸ ਨੇ ਪਾਸਪੋਰਟ ਅਤੇ ਵੀਜ਼ਾ ਹਾਸਲ ਕਰਨ ਲਈ ਕਥਿਤ ਤੌਰ 'ਤੇ ਜਾਅਲੀ ਪਤੇ ਦੀ ਵਰਤੋਂ ਕੀਤੀ ਹੋਵੇ।
ਰਾਜਵਿੰਦਰ ਪਿਛਲੇ ਕਈ ਸਾਲਾਂ ਤੋਂ ਜੇਰੀਏਟ੍ਰਿਕ ਨਰਸ ਵਜੋਂ ਕੰਮ ਕਰ ਰਿਹਾ ਸੀ। ਉਹ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਸਨ, ਜੋ ਇਨਿਸਫੇਲ ਸ਼ਹਿਰ ਵਿੱਚ ਰਹਿੰਦੇ ਸਨ। ਉਸ ਦਾ ਪਿਤਾ ਅਮਰ ਸਿੰਘ ਅਤੇ ਜੀਜਾ ਹਰਪ੍ਰੀਤ ਸਿੰਘ ਵੀ ਉੱਥੇ ਹੀ ਰਹਿੰਦੇ ਹਨ। ਉਸ ਦਾ ਪੂਰਾ ਪਰਿਵਾਰ ਆਸਟ੍ਰੇਲੀਆ ਹੈ।
ਇਨਿਸਫੈਲ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ਕਿ ਉਹ 21 ਅਕਤੂਬਰ 2018 (ਟੋਏ ਦੇ ਕਤਲ ਦੀ ਮਿਤੀ) ਨੂੰ ਸ਼ਹਿਰ ਛੱਡ ਗਿਆ ਸੀ।
ਉਸ ਦਿਨ ਤੋਂ ਪਹਿਲਾਂ, ਉਹ ਜਹਾਜ਼ ਦੀ ਟਿਕਟ ਖਰੀਦਣ ਅਤੇ ਬੇਚੈਨੀ ਭਰੀ ਵਾਪਸੀ ਤੋਂ ਪਹਿਲਾਂ ਕੇਅਰਨਜ਼ ਗਿਆ ਸੀ। ਉਸ ਨੇ ਉਸ ਸ਼ਾਮ (21 ਅਕਤੂਬਰ, 2018) ਨੂੰ ਸਿਡਨੀ ਲਈ ਉਡਾਣ ਭਰੀ, ਅਤੇ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਉਸ ਨੇ ਕਈ ਘੰਟੇ ਆਪਣੀ ਭੈਣ ਨਾਲ ਬਿਤਾਏ।
ਆਸਟ੍ਰੇਲੀਆ ਭੱਜਣ ਸਮੇਂ ਉਹ ਆਪਣੀ ਪਤਨੀ, ਬੱਚੇ (ਜਿਸ ਵਿੱਚੋਂ ਇੱਕ ਉਸ ਸਮੇਂ ਨਵਜੰਮਿਆ ਸੀ) ਅਤੇ ਪਰਿਵਾਰ ਦੇ ਹੋਰ ਮੈਂਬਰ ਪਿੱਛੇ ਛੱਡ ਗਿਆ। ਕਥਿਤ ਤੌਰ 'ਤੇ ਉਸ ਨੇ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਨਾਲ ਹੀ, ਉਸਨੇ ਆਪਣੇ ਕਿਸੇ ਵੀ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਕੋਈ ਵਰਤੋਂ ਨਹੀਂ ਕੀਤੀ।
ਰਾਜਵਿੰਦਰ ਸਿੰਘ ਇਕੱਲਾ ਹੀ ਸ਼ੱਕੀ ਵਿਅਕਤੀ ਨਹੀਂ ਸੀ। ਕੁਈਨਜ਼ਲੈਂਡ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਕਈ ਸ਼ੱਕੀ ਵਿਅਕਤੀਆਂ ਦੀ ਸਰਗਰਮੀ ਨਾਲ ਜਾਂਚ ਕੀਤੀ ਗਈ, ਅਤੇ ਉਨ੍ਹਾਂ ਨੇ ਕਿਸੇ ਇੱਕ ਵਿਅਕਤੀ ਨੂੰ ਤੰਗ ਨਹੀਂ ਕੀਤਾ ਸੀ।
ਰਾਜਵਿੰਦਰ ਦਾ ਟਿਕਾਣਾ ਕਤਲ ਵਾਲੀ ਥਾਂ ਦੇ ਨੇੜੇ ਹੋਣ ਤੋਂ ਇਲਾਵਾ, ਪੁਲਿਸ ਕੋਲ ਉਸ ਨੂੰ ਮੁੱਖ ਸ਼ੱਕੀ ਵਜੋਂ ਦੋਸ਼ੀ ਠਹਿਰਾਉਣ ਲਈ ਲੋੜੀਂਦੇ ਹਾਲਾਤੀ ਅਤੇ ਦਸਤਾਵੇਜ਼ੀ ਸਬੂਤ ਵੀ ਸਨ, ਜਿਸ ਕਾਰਨ ਆਸਟ੍ਰੇਲੀਆਈ ਸਰਕਾਰ ਨੂੰ ਉਸ ਦੀ ਭਾਲ ਲਈ ਭਾਰਤੀ ਅਧਿਕਾਰੀਆਂ ਤੋਂ ਮਦਦ ਮੰਗਣ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਭਾਰੀ ਇਨਾਮ ਦਾ ਐਲਾਨ ਕੀਤਾ ਗਿਆ ਸੀ। ਇੱਕ ਮਿਲੀਅਨ ਆਸਟ੍ਰੇਲੀਅਨ ਡਾਲਰ (5.31 ਕਰੋੜ ਰੁਪਏ) ਦੇ ਇਨਾਮੀ ਐਲਾਨ ਨੇ ਵੀ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦ ਕੀਤੀ।
ਭਾਰਤ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਰਾਜਵਿੰਦਰ ਸਿੰਘ ਦੀ ਰਸਮੀ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਸੀ।
ਮੋਗਾ ਦੀ ਸਥਾਨਕ ਪੁਲਿਸ ਅਤੇ ਖੁਫ਼ੀਆ ਏਜੰਸੀਆ ਨੇ ਪਹਿਲਾਂ ਪਿੰਡ ਬੁੱਟਰ ਕਲਾਂ ਵਿਖੇ ਘਰ-ਘਰ ਜਾ ਕੇ ਪੁੱਛ-ਗਿੱਛ ਕੀਤੀ, ਪਰ ਰਾਜਵਿੰਦਰ ਨਾਲ ਜੁੜੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਸੀ। ਮੋਗਾ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ।