
ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿਚ ਕੀਤੇ ਗਏ ਤਿੰਨ ਵੱਖ-ਵੱਖ ਅਤਿਵਾਦ ਵਿਰੋਧੀ ਕਾਰਵਾਈਆਂ ਵਿਚ 30 ਅਤਿਵਾਦੀ ਮਾਰੇ ਗਏ ਹਨ। ਫ਼ੌਜ ਨੇ ਕਿਹਾ ਕਿ ਅਤਿਵਾਦ ਵਿਰੋਧੀ ਕਾਰਵਾਈਆਂ ਲੱਕੀ ਮਰਵਾਤ, ਕਰਕ ਅਤੇ ਖ਼ੈਬਰ ਜ਼ਿਲ੍ਹਿਆਂ ਵਿਚ ਕੀਤੀਆਂ ਗਈਆਂ। ਲੱਕੀ ਮਰਵਾਤ ਜ਼ਿਲ੍ਹੇ ਵਿਚ 18 ਅਤਿਵਾਦੀ ਮਾਰੇ ਗਏ ਜਦੋਂ ਕਿ ਕਰਕ ਵਿਚ ਅੱਠ ਅੱਤਵਾਦੀ ਮਾਰੇ ਗਏ।
ਰਾਸ਼ਟਰਪਤੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਨ੍ਹਾਂ ਸਫ਼ਲ ਕਾਰਵਾਈਆਂ ਲਈ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਕੀਤੀ। ਖ਼ੈਬਰ ਜ਼ਿਲ੍ਹੇ ਦੇ ਬਾਗ਼ ਇਲਾਕੇ ਵਿਚ ਇਕ ਹੋਰ ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਗੈਂਗ ਲੀਡਰ ਅਜ਼ੀਜ਼ ਉਰ ਰਹਿਮਾਨ ਉਰਫ਼ ਕਾਰੀ ਇਸਮਾਈਲ ਅਤੇ ਮੁਖਲਿਸ ਸਮੇਤ ਚਾਰ ਅਤਿਵਾਦੀਆਂ ਨੂੰ ਮਾਰ ਦਿਤਾ, ਜਦੋਂ ਕਿ ਦੋ ਅਤਿਵਾਦੀ ਜ਼ਖ਼ਮੀ ਹੋ ਗਏ।
ਇਸ ਦੌਰਾਨ ਫ਼ੌਜ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਤਵਾਦ ਵਿਰੋਧੀ ਕਾਰਵਾਈਆਂ ਦੌਰਾਨ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੱਖ-ਵੱਖ ਬਿਆਨਾਂ ਵਿਚ ਲੱਕੀ ਮਰਵਾਤ, ਕਰਕ ਤੇ ਖ਼ੈਬਰ ਜ਼ਿਲ੍ਹਿਆਂ ਵਿਚ ਸਫ਼ਲ ਕਾਰਵਾਈਆਂ ਲਈ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਕੀਤੀ।
ਰਾਸ਼ਟਰਪਤੀ ਜ਼ਰਦਾਰੀ ਨੇ 30 ਅੱਤਵਾਦੀਆਂ ਦੀ ਮੌਤ ਨੂੰ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ ਅਤੇ ਪੁਸ਼ਟੀ ਕੀਤੀ ਕਿ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਤਿਵਾਦ ਦਾ ਪੂਰੀ ਤਰ੍ਹਾਂ ਖ਼ਾਤਮਾ ਨਹੀਂ ਹੋ ਜਾਂਦਾ। ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਸੁਰੱਖਿਆ ਬਲਾਂ ਨੂੰ ਦੇਸ਼ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ, ਇਸ ਗੱਲ ’ਤੇ ਜ਼ੋਰ ਦਿਤਾ ਕਿ ਪਾਕਿਸਤਾਨ ਹਰ ਤਰ੍ਹਾਂ ਦੇ ਅੱਤਵਾਦ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।