
ਕਿਹਾ- "ਸ਼ਾਇਦ ਮੈਂ ਮਰ ਜਾਵਾਂ ਪਰ ਮੈਂ ਚਾਹੁੰਦਾ ਹਾਂ ਕਿ ਇਤਿਹਾਸ ਮੈਨੂੰ ਇਕ ਸੁਤੰਤਰਤਾ ਸੈਨਾਨੀ ਵਜੋਂ ਯਾਦ ਰੱਖੇ"
ਕੀਵ: ਯੂਕਰੇਨ ’ਤੇ ਰੂਸ ਦੇ ਹਮਲੇ ਮਗਰੋਂ ਦੇਸ਼ ਭਰ ਵਿਚ ਤਬਾਹੀ ਮਚੀ ਹੋਈ ਹੈ। ਰੂਸ ਸਣੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਰੂਸ ਨੂੰ ਜੰਗ ਖ਼ਤਮ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੇ ਚਲਦਿਆਂ ਯੂਕਰੇਨ ਦੇ ਲੋਕਾਂ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ। ਅਫ਼ਗਾਨ ਦੇ ਇਕ ਫੌਜੀ ਨੇ ਵੀ ਯੂਕਰੇਨੀ ਨਾਗਰਿਕਾਂ ਦਾ ਜੰਗ ਵਿਚ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਅਫ਼ਗਾਨ ਫੌਜੀ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੇ ਲੋਕਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਜਾ ਰਿਹਾ ਹੈ। ਉਸ ਨੇ ਕਿਹਾ, "ਸ਼ਾਇਦ ਮੈਂ ਮਰ ਜਾਵਾਂ ਪਰ ਮੈਂ ਚਾਹੁੰਦਾ ਹਾਂ ਕਿ ਇਤਿਹਾਸ ਮੈਨੂੰ ਇੱਕ ਸੁਤੰਤਰਤਾ ਸੈਨਾਨੀ ਵਜੋਂ ਯਾਦ ਰੱਖੇ।"
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ 'ਚ ਸੱਤਾਧਾਰੀ ਤਾਲਿਬਾਨ ਸਰਕਾਰ ਨੇ ਯੂਕਰੇਨ ਦੀ ਸਥਿਤੀ 'ਤੇ ਇਕ ਬਿਆਨ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ ਯੂਕਰੇਨ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਨਾਗਰਿਕਾਂ ਦੇ ਸੰਭਾਵੀ ਨੁਕਸਾਨ ਨੂੰ ਲੈ ਕੇ ਚਿੰਤਤ ਹੈ। ਬਿਆਨ ਮੁਤਾਬਕ ਅਫਗਾਨਿਸਤਾਨ ਨੇ ਦੋਹਾਂ ਪੱਖਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਰੇ ਪੱਖਾਂ ਨੂੰ ਅਜਿਹੇ ਕਦਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਹਿੰਸਾ ਵਧ ਸਕਦੀ ਹੈ।