
ਕਰੀਬ 6 ਦੀ ਮੌਤ ਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ
ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ 'ਚ ਧਮਾਕਾ ਹੋਇਆ ਹੈ। ਇਸ 'ਚ ਕਰੀਬ ਛੇ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਮੀਡੀਆ ਮੁਤਾਬਕ ਇਹ ਧਮਾਕਾ ਭਰਖਾਨ ਸ਼ਹਿਰ ਦੇ ਰਖਨੀ ਬਾਜ਼ਾਰ 'ਚ ਹੋਇਆ।
ਇਸ ਮਾਰਕੀਟ ਵਿੱਚ ਕਾਫੀ ਭੀੜ ਰਹਿੰਦੀ ਹੈ ਅਤੇ ਇੱਥੇ ਪਾਰਕਿੰਗ ਦੀ ਕੋਈ ਸਹੂਲਤ ਨਹੀਂ ਹੈ। ਬੇਤਰਤੀਬ ਆਵਾਜਾਈ ਦੇ ਵਿਚਕਾਰ ਇੱਕ ਮੋਟਰਸਾਈਕਲ ਖੜ੍ਹਾ ਸੀ, ਜਿਸ 'ਚ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਯਾਨੀ IED ਲਗਾਇਆ ਗਿਆ ਸੀ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਧਮਾਕੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਤਬਾਹੀ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੁਲਵਾਮਾ 'ਚ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਿਤ ਦਾ ਗੋਲੀ ਮਾਰ ਕੇ ਕਤਲ
ਬਰਖਾਨ ਦੇ ਡਿਪਟੀ ਕਮਿਸ਼ਨਰ ਅਬਦੁੱਲਾ ਖੋਸੋ ਨੇ ਕਿਹਾ ਕਿ ਲੋਕ ਆਮ ਤੌਰ 'ਤੇ ਬਾਜ਼ਾਰ ਵਿੱਚ ਕਿਤੇ ਵੀ ਆਪਣੇ ਵਾਹਨ ਪਾਰਕ ਕਰਦੇ ਹਨ। ਇੱਕ ਬਾਈਕ ਵੀ ਉਸੇ ਪਾਸੇ ਖੜੀ ਸੀ ਜਿੱਥੋਂ ਲੋਕਾਂ ਦੇ ਲੰਘਣ ਦਾ ਮੁੱਖ ਰਸਤਾ ਸੀ। ਇਸ ਵਿੱਚ ਆਈਈਡੀ ਲਗਾਈ ਗਈ ਸੀ ਜਿਸ 'ਚ ਧਮਾਕਾ ਹੋਇਆ।
ਉਸੇ ਸਮੇਂ, ਬਰਖਾਨ ਸਟੇਸ਼ਨ ਹਾਊਸ ਅਫਸਰ (ਐਸਐਚਓ) ਸੱਜਾਦ ਅਫਜ਼ਲ ਨੇ ਕਿਹਾ - ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਿਆਦਾਤਰ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮੌਕੇ 'ਤੇ ਪਹੁੰਚੀ ਪੁਲਿਸ ਟੀਮ ਜਾਂਚ ਕਰ ਰਹੀ ਹੈ।