ਦੋਸ਼ੀ ਨੇ ਅਪਣੇ ਭਰਾ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ
ਇਸਲਾਮਾਬਾਦ: ਤਾਲਿਬਾਨ ਨੇ ਉੱਤਰੀ ਅਫਗਾਨਿਸਤਾਨ ’ਚ ਕਤਲ ਦੇ ਦੋਸ਼ੀ ਇਕ ਵਿਅਕਤੀ ਨੂੰ ਸੋਮਵਾਰ ਨੂੰ ਇਕ ਸਟੇਡੀਅਮ ’ਚ ਜਨਤਕ ਤੌਰ ’ਤੇ ਫਾਂਸੀ ਦੇ ਦਿਤੀ। ਇਕ ਚਸ਼ਮਦੀਦ ਨੇ ਦਸਿਆ ਕਿ ਇਹ ਫਾਂਸੀ ਜੌਜਜਾਨ ਸੂਬੇ ਦੀ ਰਾਜਧਾਨੀ ਸ਼ਿਬਿਰਗਨ ਸ਼ਹਿਰ ’ਚ ਉਸ ਵਿਅਕਤੀ ਨੂੰ ਦਿਤੀ ਗਈ, ਜਿਸ ਨੇ ਅਪਣੇ ਭਰਾ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ।
ਇਕ ਚਸ਼ਮਦੀਦ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਅਗੱਸਤ 2021 ਵਿਚ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਫੌਜੀਆਂ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਇਹ ਪੰਜਵੀਂ ਜਨਤਕ ਮੌਤ ਦੀ ਸਜ਼ਾ ਸੀ।
ਤਾਲਿਬਾਨ ਸਰਕਾਰ ਦੇ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਤੁਰਤ ਕੋਈ ਟਿਪਣੀ ਨਹੀਂ ਕੀਤੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੀਆਂ ਤਿੰਨ ਹਾਈ ਕੋਰਟਾਂ ਅਤੇ ਤਾਲਿਬਾਨ ਦੇ ਸਰਵਉੱਚ ਨੇਤਾ ਮੁਲਾ ਹਿਬਤੁੱਲਾ ਅਖੁੰਦਜ਼ਾਦਾ ਦੀ ਮਨਜ਼ੂਰੀ ਤੋਂ ਬਾਅਦ ਸੋਮਵਾਰ ਨੂੰ ਫਾਂਸੀ ਦਿਤੀ ਗਈ।
ਬਿਆਨ ਮੁਤਾਬਕ ਫਾਂਸੀ ਦਿਤੇ ਗਏ ਫਰਿਆਬ ਸੂਬੇ ਦੇ ਬਿਲਚਿਰਾਗ ਜ਼ਿਲ੍ਹੇ ਦੇ ਨਾਜ਼ਰ ਮੁਹੰਮਦ ਨੇ ਫਰਿਆਬ ਦੇ ਰਹਿਣ ਵਾਲੇ ਖਲ ਮੁਹੰਮਦ ਦਾ ਕਤਲ ਕੀਤਾ ਸੀ ਅਤੇ ਇਹ ਕਤਲ ਜੌਜਜਾਨ ’ਚ ਹੋਇਆ। ਤਾਲਿਬਾਨ ਨੇ ਵੀਰਵਾਰ ਨੂੰ ਦੱਖਣ-ਪੂਰਬੀ ਗਜ਼ਨੀ ਸੂਬੇ ’ਚ ਕਤਲ ਦੇ ਦੋਸ਼ੀ ਦੋ ਵਿਅਕਤੀਆਂ ਨੂੰ ਫਾਂਸੀ ਦੇ ਦਿਤੀ ਸੀ।