
ਚੂਹਿਆਂ ਵਿਚ ਨਸ਼ਾ, ਮੋਬਾਈਲ, ਪੈਸੇ ਤੇ ਕਈ ਗ਼ੈਰ ਕਾਨੂੰਨੀ ਚੀਜ਼ਾਂ ਭਰ ਕੇ ਕੰਧ ਰਾਹੀਂ ਸੁੱਟਿਆ ਜਾਂਦਾ ਹੈ, ਜਿਸ ਨੂੰ ਕੈਦੀ ਉਠਾ ਲੈਂਦੇ ਹਨ।
ਬ੍ਰਿਟੇਨ : ਜੇਲ੍ਹਾਂ ਵਿਚ ਬੰਦ ਕੈਦੀਆਂ ਲਈ ਨਸ਼ਾ ਅਤੇ ਹੋਰ ਸਮੱਗਰੀ ਪਹੁੰਚਾਉਣ ਲਈ ਜੁੱਤੀਆਂ, ਫ਼ਲਾਂ ਸਬਜ਼ੀਆਂ ਅਤੇ ਕੁੱਝ ਹੋਰ ਤਰੀਕਿਆਂ ਬਾਰੇ ਤਾਂ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ, ਪਰ ਬ੍ਰਿਟੇਨ ਵਿਚਲੇ ਅਪਰਾਧੀਆਂ ਨੇ ਜੇਲ੍ਹਾਂ ਵਿਚ ਬੰਦ ਕੈਦੀਆਂ ਤਕ ਨਸ਼ਾ, ਮੋਬਾਇਲ, ਪੈਸੇ ਤੇ ਹੋਰ ਗ਼ੈਰਕਾਨੂੰਨੀ ਸਮਾਨ ਪਹੁੰਚਾਉਣ ਲਈ ਇਕ ਨਵਾਂ ਤਰੀਕਾ ਕੱਢਿਆ ਹੈ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਉਹ ਮਰੇ ਹੋਏ ਚੂਹਿਆਂ ਵਿਚ ਨਸ਼ਾ, ਮੋਬਾਈਲ, ਪੈਸੇ ਤੇ ਕਈ ਗ਼ੈਰ ਕਾਨੂੰਨੀ ਚੀਜ਼ਾਂ ਭਰ ਕੇ ਕੰਧ ਰਾਹੀਂ ਸੁੱਟਦੇ ਹਨ, ਜਿਸ ਨੂੰ ਕੈਦੀ ਉਠਾ ਲੈਂਦੇ ਹਨ।
ਸਥਾਨਕ ਮੀਡੀਆ ਅਨੁਸਾਰ ਕੁੱਝ ਅਪਰਾਧਿਕ ਸੰਗਠਨ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਹ ਕੰਮ ਕਰਦੇ ਆ ਰਹੇ ਹਨ, ਪਰ ਪੁਲਿਸ ਅਧਿਕਾਰੀਆਂ ਨੂੰ ਅਪਰਾਧੀਆਂ ਦੇ ਇਸ ਨਵੇਂ ਤਰੀਕੇ ਦਾ ਉਦੋਂ ਪਤਾ ਚੱਲਿਆ ਜਦੋਂ ਦੱਖਣੀ-ਪੱਛਮੀ ਇੰਗਲੈਂਡ ਦੇ ਡੋਰਮੇਟ ਵਿਚ ਇਕ ਜੇਲ੍ਹ ਵਿਚ ਤਿੰਨ ਚੂਹਿਆਂ ਦੇ ਢਿੱਡ ਸਿਲਾਈ ਕੀਤੇ ਹੋਏ ਮਿਲੇ। ਜਦੋਂ ਉਨ੍ਹਾਂ ਚੂਹਿਆਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਨ੍ਹਾਂ ਦੇ ਸਰੀਰਾਂ ਵਿਚੋਂ ਮੋਬਾਈਲ, ਚਾਰਜ਼ਰ, ਸਿਮ ਤੇ ਸਿਗਰੇਟ ਦੇ ਪੇਪਰ ਮਿਲੇ।
Dead Rat
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਦੇ ਜੇਲ੍ਹ ਮੰਤਰੀ ਰੋਰੀ ਸਟੀਵਰਟ ਦਾ ਕਹਿਣਾ ਹੈ ਕਿ ਅਪਰਾਧੀ ਜੇਲ੍ਹਾਂ ਵਿਚ ਬੰਦ ਆਪਣੇ ਸਾਥੀਆਂ ਤਕ ਮਦਦ ਪਹੁੰਚਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਇਸ ਤੋਂ ਬਾਅਦ ਭਾਵੇਂ ਕਿ ਮੰਤਰੀ ਨੇ ਜੇਲ੍ਹਾਂ ਦੀ ਸੁਰੱਖਿਆ ਹੋਰ ਜ਼ਿਆਦਾ ਵਧਾਉਣ ਦੀ ਗੱਲ ਆਖੀ ਹੈ, ਪਰ ਇਸ ਸਵਾਲ 'ਤੇ ਉਹ ਚੁੱਪੀ ਵੱਟ ਗਏ ਕਿ ਆਖ਼ਰ ਜੇਲ੍ਹ ਵਿਚ ਮਰੇ ਹੋਏ ਚੂਹੇ ਪਹੁੰਚਦੇ ਕਿਵੇਂ ਹਨ?
ਉਧਰ ਜੇਲ੍ਹ ਅਧਿਕਾਰੀਆਂ ਮੁਤਾਬਕ ਨਵੇਂ ਤਰੀਕਿਆਂ ਕਾਰਨ ਪਿਛਲੇ ਕੁੱਝ ਸਮੇਂ ਤੋਂ ਜੇਲ੍ਹਾਂ ਵਿਚ ਨਸ਼ੇੜੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ। ਜਿੱਥੇ ਪਿਛਲੇ ਸਾਲ 20 ਫ਼ੀਸਦੀ ਕੈਦੀਆਂ ਦੀ ਡਰੱਗ ਰਿਪੋਰਟ ਪਾਜ਼ੇਟਿਵ ਸੀ, ਉੱਥੇ ਹੀ ਹੁਣ ਇਹ ਗਿਣਤੀ 23 ਫ਼ੀਸਦੀ ਤਕ ਵਧ ਗਈ ਹੈ।
Britain Jail
ਦਸ ਦਈਏ ਕਿ ਭਾਰਤ ਦੀਆਂ ਜੇਲ੍ਹਾਂ ਅੰਦਰ ਵੀ ਕੈਦੀਆਂ ਤਕ ਨਸ਼ਾ ਪਹੁੰਚਾਏ ਜਾਣ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਬ੍ਰਿਟੇਨ ਵਿਚ ਮਰੇ ਹੋਏ ਚੂਹਿਆਂ ਦੁਆਰਾ ਕੈਦੀਆਂ ਨੂੰ ਨਸ਼ਾ ਪਹੁੰਚਾਉਣ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿਤਾ ਹੈ।