
ਦੇਸ਼ ਦਸ ਸਭ ਤੋਂ ਵੱਡੇ ਸਮੁੰਦਰੀ ਫ਼ੌਜ ਦੇ ਸਟੇਸ਼ਨਾਂ ’ਚੋਂ ਇਕ ਹੈ PNS ਸਿੱਦੀਕੀ ਸਮੁੰਦਰੀ ਫ਼ੌਜ ਹਵਾਈ ਅੱਡਾ
ਕਰਾਚੀ: ਹਥਿਆਰਬੰਦ ਬਲੋਚ ਅਤਿਵਾਦੀਆਂ ਨੇ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਇਕ ਪ੍ਰਮੁੱਖ ਸਮੁੰਦਰੀ ਫ਼ੌਜ ਅੱਡੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਇਕ ਹਮਲੇ ਨੂੰ ਨਾਕਾਮ ਕਰ ਦਿਤਾ ਅਤੇ 6 ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਇਹ ਹਮਲਾ ਸੋਮਵਾਰ ਰਾਤ ਨੂੰ ਤੁਰਬਤ ਜ਼ਿਲ੍ਹੇ ’ਚ ਹੋਇਆ।
ਮਕਰਾਨ ਦੇ ਕਮਿਸ਼ਨਰ ਸਈਅਦ ਅਹਿਮਦ ਉਮਰਾਨੀ ਨੇ ਮੀਡੀਆ ਨੂੰ ਦਸਿਆ ਕਿ ਸੁਰੱਖਿਆ ਬਲਾਂ ਨੇ PNS ਸਿੱਦੀਕੀ ਸਮੁੰਦਰੀ ਫ਼ੌਜ ਹਵਾਈ ਅੱਡੇ ’ਤੇ ਅਤਿਵਾਦੀ ਹਮਲੇ ਨੂੰ ਨਾਕਾਮ ਕਰ ਦਿਤਾ ਹੈ, ਜੋ ਦੇਸ਼ ਦਸ ਸਭ ਤੋਂ ਵੱਡੇ ਸਮੁੰਦਰੀ ਫ਼ੌਜ ਦੇ ਸਟੇਸ਼ਨਾਂ ’ਚੋਂ ਇਕ ਹੈ। ਉਨ੍ਹਾਂ ਕਿਹਾ, ‘‘ਹਥਿਆਰਬੰਦ ਵਿਅਕਤੀਆਂ ਨੇ ਹਵਾਈ ਅੱਡੇ ਦੀ ਸਰਹੱਦ ਦੇ ਤਿੰਨ ਪਾਸਿਆਂ ਤੋਂ ਹਮਲਾ ਕੀਤਾ ਪਰ ਸੁਰੱਖਿਆ ਬਲਾਂ ਨੇ ਤੁਰਤ ਜਵਾਬੀ ਕਾਰਵਾਈ ਕੀਤੀ ਅਤੇ ਇਮਾਰਤ ਵਿਚ ਦਾਖਲ ਹੋਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ।’’
ਚਸ਼ਮਦੀਦਾਂ ਨੇ ਦਸਿਆ ਕਿ ਉਨ੍ਹਾਂ ਨੇ ਸਾਰੀ ਰਾਤ ਗੋਲੀਆਂ ਚੱਲਣ ਅਤੇ ਧਮਾਕਿਆਂ ਦੀ ਆਵਾਜ਼ ਸੁਣੀ। ਇਕ ਸੁਰੱਖਿਆ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਮੁਹਿੰਮ ’ਚ 6 ਅਤਿਵਾਦੀ ਮਾਰੇ ਗਏ ਅਤੇ ਉਹ ਹਵਾਈ ਅੱਡੇ ਜਾਂ ਜਹਾਜ਼ ਨੂੰ ਕੋਈ ਨੁਕਸਾਨ ਪਹੁੰਚਾਉਣ ’ਚ ਅਸਫਲ ਰਹੇ। ਅਧਿਕਾਰੀ ਨੇ ਦਸਿਆ ਕਿ ਸੰਵੇਦਨਸ਼ੀਲ ਸਮੁੰਦਰੀ ਫ਼ੌਜ ਹਵਾਈ ਅੱਡੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਪਿੱਛੇ ਉਸ ਦੀ ਮਜੀਦ ਬ੍ਰਿਗੇਡ ਦਾ ਹੱਥ ਹੈ। ਬਲੋਚਿਸਤਾਨ ਵਿਚ ਸੁਰੱਖਿਆ ਬਲਾਂ ਅਤੇ ਟਿਕਾਣਿਆਂ ’ਤੇ ਇਹ ਤੀਜਾ ਵੱਡਾ ਹਮਲਾ ਸੀ ਜਿਸ ਦੀ ਜ਼ਿੰਮੇਵਾਰੀ BLA ਨੇ ਲਈ ਹੈ। ਇਸ ਤੋਂ ਪਹਿਲਾਂ ਹੋਏ ਦੋਵੇਂ ਹਮਲਿਆਂ ਨੂੰ ਵੀ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿਤਾ ਸੀ।
ਇਸ ਸਾਲ ਦੀ ਸ਼ੁਰੂਆਤ ’ਚ ਸੁਰੱਖਿਆ ਬਲਾਂ ਨੇ ਮਾਛ ਕਸਬੇ ’ਤੇ ਹਮਲਾ ਕੀਤਾ ਸੀ, ਜਿਸ ’ਚ 10 ਲੋਕ ਮਾਰੇ ਗਏ ਸਨ ਪਰ ਸੁਰੱਖਿਆ ਬਲਾਂ ਨੇ ਮਾਛ ਜੇਲ੍ਹ ’ਚ ਦਾਖਲ ਹੋਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਿਤੀ ਸੀ। ਪਿਛਲੇ ਹਫਤੇ ਸੁਰੱਖਿਆ ਬਲਾਂ ਨੇ ਇਸੇ ਸੂਬੇ ’ਚ ਗਵਾਦਰ ਪੋਰਟ ਅਥਾਰਟੀ ਕੰਪਲੈਕਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ 8 ਅਤਿਵਾਦੀਆਂ ਨੂੰ ਢੇਰ ਕਰ ਦਿਤਾ ਸੀ। BLA ਨੇ 24 ਮਾਰਚ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਬਲੋਚਿਸਤਾਨ ’ਚ ਲੰਮੇ ਸਮੇਂ ਤੋਂ ਹਿੰਸਾ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਬਲੋਚ ਵਿਦਰੋਹੀ ਸਮੂਹਾਂ ਨੇ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਕ ਗਲਿਆਰੇ (CPEC) ਦੇ ਪ੍ਰਾਜੈਕਟਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਹਨ। BLA ਬਲੋਚਿਸਤਾਨ ’ਚ ਚੀਨੀ ਨਿਵੇਸ਼ਾਂ ਦਾ ਵਿਰੋਧ ਕਰਦਾ ਹੈ। ਉਨ੍ਹਾਂ ਨੇ ਚੀਨ ਅਤੇ ਪਾਕਿਸਤਾਨ ’ਤੇ ਸਰੋਤਾਂ ਨਾਲ ਭਰਪੂਰ ਸੂਬੇ ਦਾ ਸੋਸ਼ਣ ਕਰਨ ਦਾ ਦੋਸ਼ ਲਾਇਆ। ਅਧਿਕਾਰੀਆਂ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ। BLA ਦੀ ਮਾਜਿਦ ਬ੍ਰਿਗੇਡ ਦਾ ਗਠਨ 2011 ’ਚ ਕੀਤਾ ਗਿਆ ਸੀ, ਜੋ ਸੰਗਠਨ ਦਾ ਗੁਰੀਲਾ ਸੈੱਲ ਹੈ।