
ਗਾਜ਼ਾ ’ਚ ਜੰਗ ਖਤਮ ਕਰਨ ਦੀ ਅਪੀਲ ਕੀਤੀ, ਕਿਹਾ, ‘ਇਜ਼ਰਾਈਲ ਨੇ ਜੰਗ ਦੇ ਵੀਡੀਉ ਜਾਰੀ ਕਰ ਕੇ ਕੀਤੀ ਗ਼ਲਤੀ’
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ 7 ਅਕਤੂਬਰ ਨੂੰ ਹਮਾਸ ਹਮਲੇ ਤੋਂ ਬਾਅਦ ਇਜ਼ਰਾਈਲ ਵਾਂਗ ਹੀ ਪ੍ਰਤੀਕਿਰਿਆ ਦਿੰਦੇ ਪਰ ਉਨ੍ਹਾਂ ਨੇ ਇਜ਼ਰਾਈਲ ਨੂੰ ਗਾਜ਼ਾ ’ਚ ਜਾਰੀ ਅਪਣੇ ਹਮਲਿਆਂ ਨੂੰ ‘ਖਤਮ ਕਰਨ ਦੀ’ ਅਪੀਲ ਕਰਦਿਆਂ ਕਿਹਾ ਕਿ ਉਹ (ਇਜ਼ਰਾਈਲ) ਕੌਮਾਂਤਰੀ ਸਮਰਥਨ ਗੁਆ ਰਿਹਾ ਹੈ।
ਟਰੰਪ ਨੇ ਇਜ਼ਰਾਈਲੀ ਅਖਬਾਰ ‘ਇਜ਼ਰਾਈਲ ਹਯੋਮ’ ਨੂੰ ਦਿਤੇ ਇੰਟਰਵਿਊ ’ਚ ਕਿਹਾ, ‘‘ਤੁਹਾਨੂੰ (ਇਜ਼ਰਾਈਲ) ਅਪਣੀ ਜੰਗ ਖਤਮ ਕਰਨੀ ਪਵੇਗੀ। ਸਾਨੂੰ ਸ਼ਾਂਤੀ ਲਿਆਉਣੀ ਪਵੇਗੀ। ਤੁਸੀਂ ਇਸ ਨੂੰ ਜਾਰੀ ਨਹੀਂ ਰੱਖ ਸਕਦੇ ਅਤੇ ਮੈਂ ਇਜ਼ਰਾਈਲ ਨੂੰ ਬਹੁਤ ਸਾਵਧਾਨ ਰਹਿਣ ਲਈ ਕਹਾਂਗਾ ਕਿਉਂਕਿ ਤੁਸੀਂ ਵਿਸ਼ਵ ਦਾ ਸਮਰਥਨ ਗੁਆ ਰਹੇ ਹੋ।’’ ਹਾਲਾਂਕਿ, ਇੰਟਰਵਿਊ ਦੇ ਸਾਂਝੇ ਕੀਤੇ ਵੀਡੀਉ ’ਚ ਇਹ ਟਿਪਣੀਆਂ ਨਹੀਂ ਹਨ।
ਇਸ ਮਹੀਨੇ ਦੇ ਸ਼ੁਰੂ ਵਿਚ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਟਰੰਪ ਦੀ ਉਮੀਦਵਾਰੀ ਲਗਭਗ ਨਿਸ਼ਚਿਤ ਹੈ। ਉਨ੍ਹਾਂ ਨੇ ਹਮਲੇ ਮਗਰੋਂ ਇਜ਼ਰਾਈਲ ਦੀ ਹੋ ਰਹੀ ਵਿਸ਼ਵ ਵਿਆਪੀ ਆਲੋਚਨਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸੰਘਰਸ਼ ਨਾਲ ਨਜਿੱਠਣ ਦੇ ਤਰੀਕੇ ਨੂੰ ਲੈ ਕੇ ਵਾਰ-ਵਾਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ’ਤੇ ਵੀ ਨਿਸ਼ਾਨਾ ਲਾਇਆ ਹੈ। ਟਰੰਪ ਨੇ ਕਿਹਾ ਕਿ ਇਜ਼ਰਾਈਲ ਨੇ ਗਾਜ਼ਾ ’ਚ ਅਪਣੇ ਹਮਲੇ ਦੀਆਂ ਤਸਵੀਰਾਂ ਅਤੇ ਵੀਡੀਉ ਸਾਂਝੇ ਕਰ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਦਾ ਜਨਤਕ ਅਕਸ ਖਰਾਬ ਹੋਇਆ ਹੈ।
ਟਰੰਪ ਨੇ ਕਿਹਾ ਸੀ ਕਿ ਇਹ ਭਿਆਨਕ ਤਸਵੀਰਾਂ ਹਨ। ਇਹ ਦੁਨੀਆਂ ਲਈ ਬਹੁਤ ਬੁਰੀ ਤਸਵੀਰ ਹੈ। ਇਜ਼ਰਾਈਲ ਹਯੋਮ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਅਪਣਾ ਅਖ਼ਬਾਰ ਮੰਨਿਆ ਜਾਂਦਾ ਹੈ। ਪਿਛਲੇ ਸਾਲ ਅਕਤੂਬਰ ’ਚ ਦਖਣੀ ਇਜ਼ਰਾਈਲ ’ਤੇ ਹਮਾਸ ਦੇ ਹਮਲੇ ਤੋਂ ਬਾਅਦ ਟਰੰਪ ਨੇ ਨੇਤਨਯਾਹੂ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਉਹ ਗਾਜ਼ਾ ਤੋਂ ਘਾਤਕ ਹਮਲੇ ਲਈ ਤਿਆਰ ਨਹੀਂ ਹਨ। ਹਮਾਸ ਦੇ ਹਮਲੇ ਵਿਚ 1200 ਲੋਕ ਮਾਰੇ ਗਏ ਸਨ ਅਤੇ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਹਮਾਸ ਸ਼ਾਸਿਤ ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਦੇ ਹਮਲੇ ’ਚ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ।