
ਭਾਰਤ ਦੇ ਅਰਜੁਨ ਵਾਜਪੇਈ ਹਿਮਾਲਿਆ ਦੀ ਪਰਬਤ ਚੋਟੀ ਕੰਚਨਜੰਗਾ ਦਾ ਸਫ਼ਲ ਪਰਬਤਾਰੋਹਣ ਕਰ ਕੇ...
ਭਾਰਤ ਦੇ ਅਰਜੁਨ ਵਾਜਪੇਈ ਹਿਮਾਲਿਆ ਦੀ ਪਰਬਤ ਚੋਟੀ ਕੰਚਨਜੰਗਾ ਦਾ ਸਫ਼ਲ ਪਰਬਤਾਰੋਹਣ ਕਰ ਕੇ 8 ਹਜ਼ਾਰ ਮੀਟਰ ਤੋਂ ਵੱਧ ਉਚਾਈ ਵਾਲੀਆਂ ਛੇ ਪਰਬਤੀ ਚੋਟੀਆਂ ਨੂੰ ਫ਼ਤਿਹ ਕਰਨ ਵਾਲੇ ਦੁਨੀਆਂ ਦੇ ਸੱਭ ਤੋਂ ਨੌਜਵਾਨ ਵਿਅਕਤੀ ਬਣ ਗਏ ਹਨ। ਕੰਚਨਜੰਗਾ ਤੀਜੀ ਸੱਭ ਤੋਂ ਉਚੀ ਪਰਬਤੀ ਚੋਟੀ ਹੈ।ਹਾਲਾਂਕਿ 24 ਸਾਲਾ ਅਰਜੁਨ ਦੁਨੀਆਂ ਭਰ ਦੀਆਂ ਸਾਰੀਆਂ 14 ਪਰਬਤੀ ਚੋਟੀਆਂ ਨੂੰ ਫ਼ਤਿਹ ਕਰਨ ਦਾ ਜਨੂੰਨ ਰਖਦੇ ਹਨ। ਦਿੱਲੀ ਨਾਲ ਲੱਗਦੇ ਨੋਇਡਾ ਦੇ ਰਹਿਣ ਵਾਲੇ ਅਰਜੁਨ ਨੇ 20 ਮਈ ਨੂੰ 8,586 ਮੀਟਰ ਉਚੀ ਪਰਬਤੀ ਚੋਟੀ ਕੰਚਨਜੰਗਾ ਨੂੰ ਫ਼ਤਿਹ ਕੀਤਾ।
ਹਾਲਾਂਕਿ ਮੌਸਮ ਖ਼ਰਾਬ ਰਹਿਣ ਕਾਰਨ ਉਹ ਵੀਰਵਾਰ ਦੀ ਸਵੇਰ ਨੂੰ ਐਡਵਾਂਸਡ ਬੇਸ ਕੈਂਪ 'ਤੇ ਨਹੀਂ ਉਤਰ ਸਕੇ। ਅਰਜੁਨ 2010 ਵਿਚ 16 ਸਾਲ ਦੀ ਉਮਰ ਵਿਚ ਮਾਊਂਟ ਐਵਰੈਸਟ ਨੂੰ ਫ਼ਤਿਹ ਕਰਨ ਵਾਲੇ ਤੀਜੇ ਸੱਭ ਤੋਂ ਨੌਜਵਾਨ ਵਿਅਕਤੀ ਬਣੇ ਸਨ। ਇਸ ਸਾਲ ਕੰਚਨਜੰਗਾ ਲਈ ਇਹ ਉਨ੍ਹਾਂ ਦੀ ਦੂਜੀ ਕੋਸ਼ਿਸ਼ ਸੀ। ਮਾਊਂਟੇਨ ਡਿਊ, ਪੇਪਸੀਕੋ ਇੰਡੀਆ ਦੇ ਨਿਰਦੇਸ਼ਕ ਨਸੀਬ ਪੁਰੀ ਨੇ ਕਿਹਾ ਕਿ ਅਰਜੁਨ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਉਹ ਲੋਕ ਉਸ ਤੋਂ ਪ੍ਰੇਰਿਤ ਹੋਏ ਸਨ। (ਪੀ.ਟੀ.ਆਈ)