
ਤੁਰਕੀ ਦੀ ਰਾਸ਼ਟਰਪਤੀ ਚੋਣ 'ਚ ਰੈਚੇਪ ਤੈਯਪ ਐਦਰੋਗਨ ਨੇ ਜਿੱਤ ਪ੍ਰਾਪਤ ਕਰ ਕੇ ਦੂਜੀ ਵਾਰ ਰਾਸ਼ਟਰਪਤੀ ਅਹੁਦਾ ਪ੍ਰਾਪਤ ਕੀਤਾ....
ਇਸਤਾਂਬੁਲ : ਤੁਰਕੀ ਦੀ ਰਾਸ਼ਟਰਪਤੀ ਚੋਣ 'ਚ ਰੈਚੇਪ ਤੈਯਪ ਐਦਰੋਗਨ ਨੇ ਜਿੱਤ ਪ੍ਰਾਪਤ ਕਰ ਕੇ ਦੂਜੀ ਵਾਰ ਰਾਸ਼ਟਰਪਤੀ ਅਹੁਦਾ ਪ੍ਰਾਪਤ ਕੀਤਾ। ਚੋਣ ਅਧਿਕਾਰੀਆਂ ਨੇ ਸੋਮਵਾਰ ਨੂੰ ਐਦਰੋਗਨ ਦੀ ਜਿੱਤ ਦੀ ਜਾਣਕਾਰੀ ਦਿਤੀ। ਇਸ ਜਿੱਤ ਦੇ ਨਾਲ ਹੀ ਐਦਰੋਗਨ 'ਤੇ ਵਿਰੋਧੀ ਧਿਰ ਵਲੋਂ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵਿਰੋਧੀ ਪਾਰਟੀ ਨੇ ਚੋਣਾਂ 'ਚ ਵੋਟਾਂ ਦੀ ਗਿਣਤੀ ਬਾਰੇ ਪੱਖਪਾਤ ਦਾ ਦੋਸ਼ ਲਗਾਇਆ।
ਤੁਰਕੀ ਦੇ ਵੋਟਰਾਂ ਨੇ ਪਹਿਲੀ ਵਾਰ ਕਿਸੇ ਚੋਣ 'ਚ ਬੈਲੇਟ ਬਾਕਸ ਰਾਹੀਂ ਮਤਦਾਨ ਕੀਤਾ। ਪਹਿਲੇ ਗੇੜ ਦੀ ਗਿਣਤੀ 'ਚ ਹੀ ਸੱਤਾਧਾਰੀ ਪਾਰਟੀ ਏ.ਕੇ.ਪੀ. ਦੇ ਐਦਰੋਗਨ ਭਾਰੀ ਵੋਟਾਂ ਤੋਂ ਅੱਗੇ ਦੱਸੇ ਗਏ ਸਨ। ਐਦਰੋਗਨ ਨੇ ਅਪਣੇ ਨੇੜਲੇ ਵਿਰੋਧੀ ਮੁਹੱਰਮ ਇੰਸ ਨੂੰ ਭਾਰੀ ਵੋਟਾਂ ਦੇ ਅੰਤਰ ਨਾਲ ਹਰਾਇਆ। ਜਾਣਕਾਰੀ ਮੁਤਾਬਕ ਐਦਰੋਗਨ ਨੂੰ 52.5 ਫ਼ੀ ਸਦੀ ਵੋਟਾਂ ਮਿਲੀਆਂ। ਉਥੇ ਹੀ ਸੀ.ਐਚ.ਪੀ. ਦੇ ਨੇਤਾ ਮੁਹੱਰਮ ਇੰਸ ਨੂੰ 31.7 ਫ਼ੀ ਸਦੀ ਵੋਟਾਂ ਮਿਲੀਆਂ।
ਜ਼ਿਕਰਯੋਗ ਹੈ ਕਿ ਅਪ੍ਰੈਲ 2017 'ਚ ਤੁਕਰੀ ਵਿਚ ਨਵੇਂ ਸੰਵਿਧਾਨ ਦਾ ਗਠਨ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਹ ਪਹਿਲੀ ਚੋਣ ਹੈ, ਜਿਥੇ ਬਿਨਾਂ ਕਿਸੇ ਪ੍ਰਧਾਨ ਮੰਤਰੀ ਦੇ ਐਦਰੋਗਨ ਰਾਸ਼ਟਰਪਤੀ ਬਣਨ ਜਾ ਰਹੇ ਹਨ। ਦਰਅਸਲ ਤੁਰਕੀ ਦੇ ਨਵੇਂ ਸੰਵਿਧਾਨ ਮੁਤਾਬਕ ਦੇਸ਼ 'ਚ ਪ੍ਰਧਾਨ ਮੰਤਰੀ ਅਹੁਦੇ ਦੀ ਹੋਂਦ ਨਹੀਂ ਹੈ ਅਤੇ ਸਾਰੀ ਸ਼ਕਤੀ ਰਾਸ਼ਟਰਪਤੀ ਕੋਲ ਹੋਵੇਗੀ। (ਪੀਟੀਆਈ)